ਪੰਨਾ:ਕੇਸਰ ਕਿਆਰੀ.pdf/167

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੯. ਆ ਪ੍ਰੀਤਮੇ !

੧. ਆ ਪ੍ਰੀਤਮੇ ! ਆ ਮਹਿਰਮੇ !
ਜੀਵਨ-ਮਰਨ ਦੀਏ ਸਾਥਣੇ !
ਆ, ਉਠ ਕੇ ਤੁਰ ਚਲੀਏ ਕਿਤੇ,
ਦੂਰੋਂ ਪਰੇ, ਉਹਲੇ ਜਿਹੇ,
ਸੁਨਸਾਨ ਤੇ ਏਕਾਂਤ ਵਿਚ,
ਪਸਰੀ ਚੁਫੇਰੇ ਸ਼ਾਂਤ ਵਿਚ
ਇਕ ਤੂੰ ਤੇ ਮੈਂ ਹੀ ਹੋਵੀਏ ।

੨. ਚੁਪ ਚਾਂ ਦੇ ਉਸ ਚੌਗ਼ਾਨ ਵਿਚ,
ਗੁੰਬਦ-ਨੁਮਾ ਅਸਥਾਨ ਵਿਚ,
ਮੱਠਾ ਜਿਹਾ, ਮਿੱਠਾ ਜਿਹਾ,
ਇਕ ਪ੍ਰੀਤ-ਨਗਮਾ ਛੇੜੀਏ-
ਨਾਜ਼ਕ ਜਿਹੀ ਇਕ ਤਰਬ ਤੇ ।
ਉਸ ਤਰਬ ਵਲ ਜ਼ਖ਼ਮਾ ਵਧੇ,
ਜ਼ਖ਼ਮਾ ਛੁਹੇ, ਪਰ ਮਲਕੜੇ ।
ਬਸ ਛੁਹ ਕੇ ਹਟ ਜਾਏ ਪਰੇ,
ਉਹ ਤਰਬ ਛੁਹ ਨੂੰ ਛੁਹ ਲਏ,
ਇਕ ਗੂੰਜ ਕੋਮਲ ਛਿੜ ਪਏ ।

-੧੩੬-