ਪੰਨਾ:ਕੇਸਰ ਕਿਆਰੀ.pdf/160

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫. ਹੈ ਫਿਰਕਿਆਂ ਨੇ ਬੰਦ ਬੰਦ ਦੇਸ ਦਾ ਨਖੇੜਿਆ,
ਮੁਲਾਣਿਆਂ ਤੇ ਪੰਡਤਾਂ ਨੇ ਰਾਗ ਹੈ ਓਹ ਛੇੜਿਆ,
ਕਿ ਪ੍ਰੇਮ ਤੇ ਸਲੂਕ ਨੂੰ ਹੈ ਮੂਲ ਤੋਂ ਉਖੇੜਿਆ,
ਤਅੱਸਬਾਂ ਤੇ ਸਵਾਰਥਾਂ ਦਾ ਭੂਤ ਸਿਰ ਤੇ ਚੜ੍ਹ ਗਿਆ,
ਅੰਗੂਰ ਸੱਭਤਾ ਦਾ ਗਰਮ ਲੋ ਦੇ ਨਾਲ ਸੜ ਗਿਆ ।

੬. ਖ਼ੁਦੀ ਤਕੱਬਰੀ ਦਿਮਾਗ਼ ਚਾੜ੍ਹਿਆ ਅਕਾਸ਼ ਤੇ,
ਜੁਟੇ ਨੇਂ ਇਕ ਦੂਸਰੇ ਦਾ ਖ਼ੂਨ ਪੀਣ ਵਾਸਤੇ,
ਮਿਲਾਪ ਸਾਲਸੀ ਦੇ ਬੰਦ ਹੋ ਗਏ ਨੇਂ ਰਾਸਤੇ,
ਗ਼ੁਲਾਮੀਆਂ ਦੇ ਸੰਗਲਾਂ ਨੂੰ ਸ਼ੇਰ ਹਨ ਵਧਾ ਰਹੇ,
ਸ਼ਹੀਦ ਗ਼ਾਜ਼ੀਆਂ ਦੇ ਸਾਂਗ ਸੂਰਮੇ ਸਜਾ ਰਹੇ ।

੭. ਹੈ ਜ਼ੋਰ ਜ਼ਰ ਲੁਟੀ ਰਿਹਾ, ਇਮਾਰਤਾਂ ਬਣਾਣ ਤੇ,
ਦਿਮਾਗ਼ ਖ਼ਰਚ ਹੋ ਰਿਹਾ ਸ਼ਰਾਰਤਾਂ ਉਠਾਣ ਤੇ,
ਮਨੁੱਖਤਾ ਨੂੰ ਮਾਣ ਹੈ ਚੁਆਤੀਆਂ ਲਗਾਣ ਤੇ,
ਨ ਖੁਲ੍ਹ ਹੈ ਖ਼ਿਆਲ ਦੀ, ਨ ਜੀਭ ਹੀ ਅਜ਼ਾਦ ਹੈ,
ਨ ਜੀਉਣ ਦਾ ਸੁਆਦ ਹੈ, ਨ ਮਰਨ ਦਾ ਸੁਆਦ ਹੈ ।

੮. ਜਵਾਨ ਹਿੰਦ ਵਾਲਿਓ ! ਏ ਦੇਖਦੇ ਭਿ ਹੋ ਕਿ ਨਾ,
ਕਿ ਹੋ ਰਹੀ ਏ ਆਬਰੂ ਖ਼ੁਆਰ ਕਿਸ ਬੁਰੀ ਤਰਾਂ,
ਜੇ ਅੱਖੀਆਂ ਉਘੇੜ ਕੇ ਨ ਸਾਰ ਹੁਣ ਲਈ ਤੁਸਾਂ,
ਤਾਂ ਸੂੰਦੀਆਂ ਹੀ ਜਾਣੀਆਂ ਨੇਂ ਗੁੰਝਲਾਂ ਤੇ ਮੁਸ਼ਕਿਲਾਂ,
ਤੁਸੀਂ ਜੇ ਫ਼ੈਸਨਾਂ ਦੀ ਤਿਲਸਮਾਤ ਵਿਚ ਫਸੇ ਰਹੇ,
ਤਾਂ ਕੌਣ ਆ ਕੇ ਬੰਦ ਕਟ ਸਕੇਗਾ ਏਸ ਦੇਸ਼ ਦੇ ?

-੧੨੯-