ਪੰਨਾ:ਕੇਸਰ ਕਿਆਰੀ.pdf/148

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੬੬. ਹੋ ਚੁਕੀ.

(ਗ਼ਜ਼ਲ ਕੱਵਾਲੀ)

ਹੋ ਚੁਕੀ, ਸਾਡੀ ਸਫ਼ਾਈ ਹੋ ਚੁਕੀ,
ਏਸ ਟਿੱਲੇ ਦੀ ਚੜ੍ਹਾਈ ਹੋ ਚੁਕੀ ।
ਜਾਣ ਦੇ, ਬਾਬਾ ! ਸਫ਼ਾਈਆਂ ਰਹਿਣ ਦੇ,
ਤੈਥੋਂ ਸਾਡੀ ਰਾਹਨੁਮਾਈ ਹੋ ਚੁਕੀ ।
ਹੋਣਗੇ ਓਹ ਬੈਠੇ, ਲੁਕ ਛਿਪ ਕੇ ਕਿਤੇ,
ਸਾਡੀ ਓਥੋਂ ਤਕ ਰਸਾਈ ਹੋ ਚੁਕੀ ।
ਬੱਸ ਕਰ ਨੁਸਖ਼ੇ ਮਸੀਹਾ ! ਵਰਤਣੇ,
ਇਸ਼ਕ ਦੀ ਤੈਥੋਂ ਦਵਾਈ ਹੋ ਚੁਕੀ ।
ਠੱਪ ਲੈ ਉਸਤਾਦ ! ਇਲਮਾਂ ਦੀ ਕਿਤਾਬ,
ਇਸ ਮਦਰਸੇ ਦੀ ਪੜ੍ਹਾਈ ਹੋ ਚੁਕੀ ।
ਮਕਰ ਦੀ ਮਾਲਾ ਨਹੀਂ ਫਿਰ ਸੱਕਣੀ,
ਰੇਤ ਦੇ ਉੱਤੇ ਚਿਣਾਈ ਹੋ ਚੁਕੀ ।
ਕੁਫ਼ਰ ਦੇ ਫ਼ਤਵੇ ਜੜੀ ਜਾ ਮੁਫ਼ਤੀਆ !
ਸਾਡੇ ਕੋਲੋਂ ਪਾਰਸਾਈ ਹੋ ਚੁਕੀ ।
ਦੋ ਦਿਨਾਂ ਦੀ ਮੌਜ ਹੈ, ਦੋ ਦਿਨ ਸਹੀ,
ਸਾਥੋਂ ਅੱਗੇ ਦੀ ਬਿਆਈ ਹੋ ਚੁਕੀ ।
ਪੈਸੇ ਭਰ ਕੇ ਕਿੱਥੋਂ ਸੁਰਗ ਵਿਹਾਝੀਏ ?
ਖਰਚ ਸਾਡੀ ਪਾਈ ਪਾਈ ਹੋ ਚੁਕੀ ।
ਕੌਣ ਪੜਦੇ ਪਾ ਕੇ ਅੰਦਰ ਬਹਿ ਰਹੇ,
ਹੋਣ ਵਾਲੀ ਜਗ-ਹਸਾਈ ਹੋ ਚੁਕੀ ।
ਬਖ਼ਸ਼ ਦਾ ਦਰ ਖੁਲ ਗਿਆ ਤਾਂ ਖੁਲ ਗਿਆ,
ਹੋਰ ਚਾਤ੍ਰਿਕ ਤੋਂ ਕਮਾਈ ਹੋ ਚੁਕੀ ।

-੧੧੭-