ਪੰਨਾ:ਕੇਸਰ ਕਿਆਰੀ.pdf/136

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੯. ਤੂੰ ਲਾਸਾਨੀ ਹੈਂ.

(ਗ਼ਜ਼ਲ)

ਬਾਗ਼ੋਂ ਹਵਾ ਵਿਚ ਫੈਲਦੀ ਮਹਿਕ ਵਾਂਗਰ,
ਫਿਰੇ ਭਟਕਦਾ ਤੇਰਾ ਖ਼ਿਆਲ ਕਾਹਨੂੰ ?
ਤੂੰ ਤੇ ਸੁਹਜ ਸੁਣ੍ਹੱਪ ਸੰਸਾਰ ਦਾ ਹੈਂ,
ਹੋਵੇ ਫੇਰ ਤੇਰਾ ਮੰਦਾ ਹਾਲ ਕਾਹਨੂੰ ?

ਤੇਰੇ ਨਾਲ ਜਹਾਨ ਦੀਆਂ ਬਣਤਰਾਂ ਨੇਂ,
ਬੇਨਿਸ਼ਾਨ ਦਾ ਤੂੰਹੇਂ ਨਿਸ਼ਾਨ ਜਾਪੇਂ,
ਰਾਜ਼ਦਾਰ ਹੋ ਕੇ ਰੱਬੀ ਕੁਦਰਤਾਂ ਦਾ,
ਫਿਰੇਂ ਲਟਕਦਾ ਵਹਿਮਾਂ ਦੇ ਨਾਲ ਕਾਹਨੂੰ ?

ਤੈਨੂੰ ਯਾਦ ਨਹੀਂ ਕਿ ਤੇਰੀ ਕਰਮ ਖੇਤੀ,
ਤੇਰੇ ਹਥਾਂ ਹੀ ਨੇਪਰੇ ਚਾੜ੍ਹਨੀ ਹੈ,
ਨਿਕਲ ਬਾਹਰ ਬੇਖ਼ਬਰੀ ਦੇ ਜਾਲ ਵਿੱਚੋਂ,
ਅੰਨ੍ਹੇ ਖੂਹਾਂ ਵਿਚ ਮਾਰਨਾ ਏਂ ਛਾਲ ਕਾਹਨੂੰ ?

ਜਾ ਜਾ ਬੂਹੀਂ ਬਿਗਾਨੀਂ ਕੀ ਲਿਲ੍ਹਕਨਾ ਏਂ ?
ਕਿੱਥੇ ਗਿਆ ਤੇਰਾ ਬੇਮਿਸਾਲ ਆਪਾ ?
ਆਪਣੇ ਜਲਵਿਆਂ ਤੋਂ ਕਰ ਲੈ ਨੂਰ ਪੈਦਾ,
ਤੈਥੋਂ ਵੱਖਰੀ ਹੋਵੇ ਮਸ਼ਾਲ ਕਾਹਨੂੰ ?

ਦੁਨੀਆਂ ਜਾਗ ਉੱਠੇ ਤੇਰੇ ਨਾਅਰਿਆਂ ਥੀਂ,
ਆਪਣੇ ਵਾਕ ਵਿਚ ਐਸੀ ਤਸੀਰ ਭਰ ਦੇ,
ਬਰਕਤ ਵਰ੍ਹੇ ਇਸ ਬਾਗ਼ ਦੇ ਬੂਟਿਆਂ ਤੇ,
ਤੇਰੀ ਸ਼ਾਨ ਨੂੰ ਆਵੇ ਜ਼ਵਾਲ ਕਾਹਨੂੰ ?

-੧੦੫-