ਪੰਨਾ:ਕੇਸਰ ਕਿਆਰੀ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੪. ਵਿਸਾਖੀ ਦਾ ਮੇਲਾ.

(ਇਹ ਮੇਲਾ ਲਗਭਗ ਪੰਜਾਬ ਦੇ ਸਾਰੇ ਹਿੱਸਿਆਂ ਵਿਚ ਮਨਾਇਆ ਜਾਂਦਾ
ਹੈ; ਮਾਝੇ ਵਿਚ ਇਸ ਦੀ ਰੌਣਕ ਖਾਸ ਤੌਰ ਤੇ ਵੇਖਣ ਵਾਲੀ ਹੁੰਦੀ ਹੈ ।)

੧. ਪੱਕ ਪਈਆਂ ਕਣਕਾਂ, ਲੁਕਾਠ ਰੱਸਿਆ,
ਬੂਰ ਪਿਆ ਅੰਬਾਂ ਨੂੰ, ਗੁਲਾਬ ਹੱਸਿਆ ।
ਬਾਗ਼ਾਂ ਉੱਤੇ ਰੰਗ ਫੇਰਿਆ ਬਹਾਰ ਨੇ,
ਬੇਰੀਆਂ ਲਿਫਾਈਆਂ ਟਹਿਣੀਆਂ ਦੇ ਭਾਰ ਨੇ ।
ਪੁੰਗਰੀਆਂ ਵੱਲਾਂ, ਵੇਲਾਂ ਰੁੱਖੀਂ ਚੜ੍ਹੀਆਂ,
ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ ।
ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ,
ਚੱਲ ਨੀ ਪਰੇਮੀਏਂ ! ਵਿਸਾਖੀ ਚੱਲੀਏ ।

੨. ਦੂਰ ਦੂਰ ਥਾਓਂ ਵਣਜਾਰੇ ਆਏ ਨੇਂ,
ਸੁਹਣੇ ਸੁਹਣੇ ਕੁੰਜਾਂ ਤੇ ਫ਼ੀਤੇ ਲਿਆਏ ਨੇਂ ।
ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ,
ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ ।
ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ,
ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ।
ਹੱਟੀ ਹੱਟੀ ਸ਼ੌਕੀਆਂ ਦੀ ਭੀੜ ਖੱਲੀ ਏ,

ਚੱਲ ਨੀ ਪਰੇਮੀਏਂ ! ਵਿਸਾਖੀ ਚੱਲੀਏ ।

੯੪