ਪੰਨਾ:ਕੇਸਰ ਕਿਆਰੀ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੪. ਪ੍ਰੇਮ-ਝਰਨਾਟਾਂ.

(ਗੀਤ)

ਮੁਸਮੁਸੀਆਂ ਝਰਨਾਟਾਂ,
ਸਖੀਓ ! ਪ੍ਰੇਮ ਦੀਆਂ । (ਟੇਕ)

੧. ਰੋਜ਼ ਅਜ਼ਲ ਦੀਆਂ ਕਲਮਾਂ ਵਗੀਆਂ,
ਦਿਲਬਰ ਨਾਲ ਪਰੀਤਾਂ ਲਗੀਆਂ,
ਜਗਣ ਜਿਗਰ ਵਿਚ ਲਾਟਾਂ,
ਸਖੀਓ ! ਪ੍ਰੇਮ ਦੀਆਂ ।

੨. ਏਸ ਨਸ਼ੇ ਦੀ ਅਜਬ ਖ਼ੁਮਾਰੀ,
ਜੀਉਣੋਂ ਲਗਦੀ ਮੌਤ ਪਿਆਰੀ,
ਮਾਖਿਓਂ ਮਿੱਠੀਆਂ ਚਾਟਾਂ,
ਸਖੀਓ ! ਪ੍ਰੇਮ ਦੀਆਂ ।

੩. ਪ੍ਰੇਮ-ਨਗਰ ਦਾ ਪੈਂਡਾ ਚੋਖਾ,
ਕਦਮ ਕਦਮ ਤਿਲਕਣ ਦਾ ਧੋਖਾ,
ਦੂਰ ਦੁਰਾਡੀਆਂ ਵਾਟਾਂ,
ਸਖੀਓ ! ਪ੍ਰੇਮ ਦੀਆਂ ।

੪. ਇਸ ਚੇਟਕ ਵਿਚ ਲੁਛਦੇ ਰਹੀਏ,
ਦੁਖ ਸਹੀਏ, ਪਰ 'ਸੀ' ਨਾ ਕਹੀਏ,
ਗੁਝੀਆਂ ਪੈਣ ਤਰਾਟਾਂ,
ਸਖੀਓ ! ਪ੍ਰੇਮ ਦੀਆਂ ।

੫. ਘੁਟ ਘੁਟ ਲੜ ਤਾਂਘਾਂ ਦਾ ਫੜੀਏ,
ਬੇਬਸੀਆਂ ਦੇ ਨਾਲ ਨ ਲੜੀਏ,
ਸਬਰ ਸਹੇ ਸੁਰਲਾਟਾਂ,
ਸਖੀਓ ! ਪ੍ਰੇਮ ਦੀਆਂ ।

-੭੪-