ਪੰਨਾ:ਕੇਸਰੀ ਚਰਖਾ - ਡਾਕਟਰ ਚਰਨ ਸਿੰਘ.pdf/4

ਇਹ ਸਫ਼ਾ ਪ੍ਰਮਾਣਿਤ ਹੈ

ੴ ਸਤਿਗੁਰਪ੍ਰਸਾਦਿ॥

ਭੂਮਿਕਾ

ਇਸ ਨਿੱਕੇ ਜਿਹੇ ਲੇਖ ਵਿੱਚ ਇੱਕ ਚਰਖ਼ੇ ਦਾ ਗੀਤ ਹੈ। ਚਰਖ਼ੇ ਲਿਖਣ ਦਾ ਪੰਜਾਬੀ ਵਿੱਚ ਪੁਰਾਣਾਂ ਦਸਤੂਰ ਹੈ। ਇਸ ਚਰਖ਼ੇ ਦਾ ਨਾਂ ਕਰਤਾ ਜੀ ਨੇ "ਕੇਸਰੀ ਚਰਖਾ" ਲਿਖਿਆ ਹੈ, ਤੇ ਇਸ ਦੇ ਰਚੇ ਜਾਣ ਦੀ ਵਿਥਿਆ ਇਸ ਪ੍ਰਕਾਰ ਹੈ:-
ਸ੍ਰੀ ਮਾਨ ਡਾਕਟਰ ਚਰਨ ਸਿੰਘ ਜੀ, ਜਦ ਇਸ ਸੰਸਾਰ ਤੋਂ ਸੱਚ ਖੰਡ ਜਾ ਵੱਸੇ, ਅਰ ਆਪ ਦੇ ਨਮਿੱਤ ਗੁਰਮਤ ਕਾਰਜਾਂ ਦੀ ਸਮਾਪਤੀ ਹੋ ਚੁੱਕੀ, ਛੇਕੜ ਦੇ ਦਿਨ ਜਦੋਂ ਦੀਵਾਨ, ਕੀਰਤਨ, ਭੋਗ, ਅਰਦਾਸੇ ਤੋਂ ਬਾਦ ਘਰ ਆਏ, ਤਾਂ ਰਾਤ ਆਪ ਦੇ ਸੰਚੇ ਵਿੱਚੋਂ ਕਿਸੇ ਕਾਗਜ਼ ਦੀ ਲੋੜ ਪੈਣ ਤੇ ਢੂੰਡ ਕੀਤੀ, ਉਸ ਵੇਲੇ ਇੱਕ ਮੇਜ਼ ਦੇ ਦਰਾਜ਼ ਵਿੱਚ ਛੋਟੇ ਛੋਟੇ ਲਾਲ ਕਾਗਤਾਂ ਦੀ ਇੱਕ ਪੂਣੀ ਵਲ੍ਹੇਟੀ ਹੋਈ ਤੇ ਤਾਗੇ ਨਾਲ ਬੱਧੀ ਹੋਈ ਲੁਕਾਕੇ ਰੱਖੀ ਹੋਈ ਜਾਪਦੀ,ਮਿਲ ਪਈ। ਜਦ ਖੋਹਲਿਆ ਤਾਂ ਉਸ ਵਿੱਚ ਇਹ “ਕੇਸਰੀ ਚਰਖਾ" ਲਿਖਿਆ ਹੋਇਆ ਸੀ। ਪਹਲੀ ਹੈਰਾਨੀ ਇਹ ਹੋਈ ਕਿ ਦਾਸ ਨੂੰ ਯਾ ਆਪ ਦੇ ਵਿਦਾਯਾਰਥੀਆਂ ਯਾ ਮਿੱਤ੍ਰਾਂ ਨੂੰ ਇਸ ਰਚਨਾਂ ਦਾ ਕੁਛ ਪਤਾ ਨਹੀਂ ਸੀ। ਅੱਗੇ ਦਸਤੂਰ ਇਸਤਰਾਂ ਦਾ ਸੀ ਕਿ ਆਪ ਦੀ ਹਰ ਰਚਨਾਂ ਦਾ ਰਚਦਿਆਂ ਸਭ ਨੂੰ ਪਤਾ ਹੋ ਜਾਂਦਾ ਸੀ। ਜਦ ਬਹੁਤ ਖੋਜ ਕੀਤੀ ਤਾਂ ਆਪ ਤੋਂ ਸੂਰਜ ਪ੍ਰਕਾਸ਼ ਵੀਚਾਰਨ ਵਾਲੇ ਇੱਕ ਸੱਜਣ ਨੇ ਦੱਸਿਆ ਕਿ ਚਲਾਣੇ ਤੋਂ ਤ੍ਰੈ ਕੁ ਮਹੀਨੇ ਪਹਲੇ ਜਦ ਦੁਪਹਰ ਨੂੰ ਮੈਂ ਆਉਂਦਾ ਸੀ, ਤਾਂ ਇਨ੍ਹਾਂ ਲਾਲ ਕਾਗਤਾਂ ਪਰ ਕੁਛ ਲਿਖਦੇ ਹੁੰਦੇ ਸਨ, ਅਰ ਮੇਰੇ ਆਯਾਂਂ ਵਲ੍ਹੇਟ ਕੇ ਝੱਟ ਸਾਂਭ ਲੈਂਦੇ ਸੇ॥