ਪੰਨਾ:ਕੂਕਿਆਂ ਦੀ ਵਿਥਿਆ.pdf/94

ਇਹ ਸਫ਼ਾ ਪ੍ਰਮਾਣਿਤ ਹੈ

੯੦

ਕੂਕਿਆਂ ਦੀ ਵਿਥਿਆ

ਥਾਂ ਸ਼ਹਿਰੋਂ ਮੀਲ ਕੁ ਦੀ ਵਿੱਥ ਤੇ ਚਾਟੀ ਵਿੰਡੋਂ ਬਾਹਰ ਇਕ ਖੂਹ ਤੇ ਨਿਯਤ ਕੀਤੀ ਹੋਈ ਸੀ ਤੇ ਤਾਲ ਉਨਾਂ ਦੇ ਸੰਗੀਆਂ ਲਈ ਪਾਣੀ ਨਾਲ ਭਰਿਆ ਹੋਇਆ ਸੀ, ਜਿਸ ਨੂੰ ਦੇਖ ਕੇ ਆਪ ਬੜੇ ਪ੍ਰਸੰਨ ਹੋਏ। ੨੬ ਅਤੇ ੨੭ ਅਕਤੂਬਰ ਨੂੰ ਚਾਰ ਕੁ ਸੌ ਕੂਕਾ ਹੋਰ ਆ ਪੁੱਜਾ ਤੇ ਸਾਰੀ ਵਹੀਰ ਬਾਰਾਂ ਕੁ ਸੌ ਦੀ ਹੋ ਗਈ। ਇਸ ਤੋਂ ਬਿਨਾਂ ਤਿੰਨ ਸਾਢੇ ਤਿੰਨ ਹਜ਼ਾਰ ਆਦਮੀ ਸ਼ਹਿਰ ਵਿਚ ਬੁੰਗਿਆਂ ਅਤੇ ਹੋਰ ਟਿਕਾਣਿਆਂ ਤੇ ਉਤਰਿਆ ਹੋਇਆ ਸੀ। ਇਸ ਮੌਕੇ ਉੱਤੇ ਸਾਰੇ ਸੂਬੇ, ਸਮੇਤ ਬੀਬੀ ਹੁਕਮੀ (ਸਪੁੜੀ ਭਾਈ ਰਤਨ ਸਿੰਘ, ਦਰੀਆ, ਜ਼ਿਲਾ ਅੰਮ੍ਰਿਤਸਰ), ਜਿਸ ਨੂੰ ਕਿ ਸੂਬੇ ਦੀ ਪਦਵੀ ਮਿਲੀ ਹੋਈ ਸੀ, ਪੁੱਜੇ ਹੋਏ ਸਨ ਅਤੇ ਅੰਮ੍ਰਿਤਸਰ ਦੇ ਭਾਈ ਨਰੈਣ ਸਿੰਘ, ਜਵਾਹਰ ਸਿੰਘ ਤੇ ਰੂੜ ਸਿੰਘ ਵੀ ਹਾਜ਼ਰ ਸਨ।

ਭਾਈ ਰਾਮ ਸਿੰਘ ਨੂੰ ਅੰਮ੍ਰਿਤਸਰ ਪੁਜਦੇ ਸਾਰ ਇਤਲਾਹ ਦਿੱਤੀ ਗਈ ਕਿ ਓਹ ਕਮਿਸ਼ਨਰ ਨੂੰ ਮਿਲਨ ਅਤੇ ਇੰਸਪੈਕਟਰ ਨਰੈਣ ਸਿੰਘ ਉਨ੍ਹਾਂ ਦੇ ਡੇਰੇ ਡੀਊਟੀ ਤੇ ਲਾਇਆ ਗਿਆ ਤਾਂਕਿ ਜਦ ਓਹ ਬਾਹਰ ਜਾਣ ਤਾਂ ਉਨਾਂ ਦੇ ਨਾਲ ਰਹੇ। ਭਾਈ ਰਾਮ ਸਿੰਘ ੨੬ ਅਕਤੂਬਰ ਨੂੰ ਕਮਿਸ਼ਨਰ ਨੂੰ ਮਿਲੇ, ਉਨ੍ਹਾਂ ਨੂੰ ਕਿਹਾ ਗਿਆ ਕਿ ਜਿਥੇ ਓਹ ਚਾਹੁਣ, ਉਨ੍ਹਾਂ ਨੂੰ ਜਾਣ ਆਉਣ ਦੀ ਖੁਲ੍ਹ ਹੈ, ਪਰ ਜੇ ਓਹ ਠਾਠ ਨਾਲ ਦਰਬਾਰ ਸਾਹਿਬ ਜਾਣਾ ਚਾਹੁਣ, ਤਾਂ ਓਹ ਸਿਰਫ਼ ਐਤਵਾਰ ੨੭ ਅਕਤੂਬਰ ਨੂੰ ਸਵੇਰੇ ਪੰਜ ਵਜੇ ਹੀ ਜਾ ਸਕਦੇ ਹਨ, ਤੇ ਪੰਜਾਹ ਆਦਮੀਆਂ ਤੋਂ ਜ਼ਿਆਦਾ ਉਨ੍ਹਾਂ ਨਾਲ ਨਹੀਂ ਜਾ ਸਕਣਗੇ। ਭਾਈ ਰਾਮ ਸਿੰਘ ਨੇ ਇਹ ਗੱਲ ਪ੍ਰਵਾਨ ਕਰ ਲਈ ਤੇ ੨੭ ਅਕਤੂਬਰ ਨੂੰ ਸਵੇਰੇ ਪੰਜਾਹ ਸ਼ਰਧਾਲੂਆਂ ਸਮੇਤ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਗਏ। ਜਿਸ ਵੇਲੇ ਅੰਦਰ ਪੁੱਜੇ ਤਾਂ ਉਨ੍ਹਾਂ ਦੇ ਸੰਗੀਆਂ ਦੀ ਗਿਣਤੀ ਦੇ ਤਿੰਨ ਸੌ ਤਕ ਪੁਜ ਗਈ, ਕਿਉਂਕਿ ਜਿਤਨੇ ਭੀ ਕੂਕੇ ਇਸ ਵਲੇ ਦਰਬਾਰ ਸਾਹਿਬ ਵਿਚ ਸਨ, ਸਭ ਉਨਾਂ ਦੇ ਨਾਲ ਹੋ ਪਏ।