ਪੰਨਾ:ਕੂਕਿਆਂ ਦੀ ਵਿਥਿਆ.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਖੋਟਿਆਂ ਦਾ ਦੀਵਾਨ

.

ਪਹਿਲੀ ਜੂਨ ਸੰਨ ੧੮੬੩: ਦੇ ਕਰੀਬ ਭਾਈ ਰਾਮ ਸਿੰਘ ਜ਼ਿਲਾ ਫੀਰੋਜ਼ਪੁਰ ਦੇ ਪਿੰਡ ਖੋਟੇ ਪੁੱਜੇ। ਇਨ੍ਹਾਂ ਦੇ ਨਾਲ ਚਾਰ ਪੰਜ ਸੌ ਸਿੰਘ ਸਨ। ਇਥੇ ਦੇ ਕੂਕਿਆਂ ਦੇ ਦੀਵਾਨ ਨੇ, ਮਾਲੂਮ ਹੁੰਦਾ ਹੈ, ਸਰਕਾਰੀ ਹਲਕਿਆਂ ਵਿਚ ਕਾਫੀ ਹਿਲ-ਜੁਲ ਪੈਦਾ ਕਰ ਦਿੱਤੀ। ੪ ਜੂਨ ੧੮੬੩ ਨੂੰ ਖੋਟਿਆਂ ਦੇ ਚੌਕੀਦਾਰ ਨੇ ਥਾਣਾ ਬਾਘਪੁਰਾਣਾ ਵਿਚ ਰਿਪੋਰਟ ਦਿੱਤੀ ਕਿ ਦੋ ਤਿੰਨ ਦਿਨ ਤੋਂ ਭਾਈ ਰਾਮ ਸਿੰਘ ਓਥੇ ਆਇਆ ਹੋਇਆ ਹੈ ਤੇ ਚਾਰ ਪੰਜ ਸੌ ਸਿੰਘ ਉਸ ਪਾਸ ਇਕੱਠਾ ਹੋ ਗਿਆ ਹੈ ਅਤੇ ਉਨ੍ਹਾਂ ਦੇ ਚਾਲੇ ਕੁਝ ਓਪਰੇ ਜੇਹੇ ਜਾਪਦੇ ਹਨ। ਕੂਕੇ ਰਾਜ ਵਿਰੁਧ ਗੱਲਾਂ ਕਰਦੇ ਹਨ ਤੇ ਕਹਿੰਦੇ ਹਨ ਕਿ ਛੇਤੀ ਹੀ ਮੁਲਕ ਵਿਚ ਰਾਜ ਉਨ੍ਹਾਂ ਦਾ ਹੋ ਜਾਏਗਾ ਅਤੇ ਸਵਾ ਲੱਖ ਹਥਿਆਰ-ਬੰਦ ਆਦਮੀ ਉਨ੍ਹਾਂ ਦੀ ਸਹਾਇਤਾ ਲਈ ਹੋ ਜਾਣਗੇ ਅਤੇ ਉਹ ਜ਼ਿਮੀਦਾਰਾਂ ਕੋਲੋਂ ਕੇਵਲ ਫਸਲ ਦਾ ਪੰਜਵਾਂ ਹਿੱਸਾ ਹਾਲੇ ਵਜੋਂ ਲਿਆ ਕਰਨਗੇ।

ਇਕ ਪੁਲਸੀ ਹਵਾਲਦਾਰ ਝੱਟ ਮੌਕੇ ਤੇ ਪੁਜ ਗਿਆ ਤੇ ਉਸ ਨੇ ਚੌਕੀਦਾਰ ਦੇ ਬਿਆਨਾਂ ਦੀ ਤਸਦੀਕ ਕਰ ਲਈ। ੬ ਜੂਨ ਨੂੰ ਡਿਪਟੀ ਸੁਪ੍ਰਿੰਟੈਂਡੈਂਟ ਪੋਲੀਸ ਨੇ ਪਿੰਡ ਖੋਟੇ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਨੰਬਰਦਾਰਾਂ ਕੋਲੋਂ ਪੁਛ ਪੜਤਾਲ ਕੀਤੀ ਤੇ ਪਤਾ ਲਾਇਆ ਕਿ ਭਾਈ ਰਾਮ ਸਿੰਘ ਸਰਕਾਰ ਵਿਰੁਧ ਗੱਲਾਂ ਕਰਦਾ ਹੈ।*

ਇਹ ਰੀਪੋਰਟ ਪੁੱਜਣ ਪਰ ਫੀਰੋਜ਼ਪੁਰ ਦੇ ਡਿਪਟੀ ਕਮਿਸ਼ਨਰ


  • ਲੈਫਟੀਨੈਂਟ ਹੈਮਿਲਟਨ, ਡੀ. ਐਸ. ਪੀ. ਫੀਰੋਜ਼ਪੁਰ ਦੀ ਰੀਪੋਟਰ ੭ ਜੂਨ ੧੮੬੩}