ਪੰਨਾ:ਕੂਕਿਆਂ ਦੀ ਵਿਥਿਆ.pdf/362

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੫੮

ਕੂਕਿਆਂ ਦੀ ਵਿਥਿਆ

ਲੈਣ, ਬੱਟਾ ਕਰਨ ਤੇ ਛੋਟੀ ਉਮਰ ਦੇ ਵਿਆਹ ਦੇ ਵਿਰੁਧ ਤੇ ਵਿਦਿਆ ਪ੍ਰਚਾਰ ਦੇ ਹਾਮੀ ਸਨ। ਆਪ ਆਪਣੀਆਂ ਚਿਠੀਆਂ ਵਿਚ ਮੁੜ ਮੁੜ ਇਸਤਰੀਆਂ, ਮਰਦਾਂ, ਅਤੇ ਬੁਢਿਆਂ ਤੇ ਬਾਲਾਂ ਸਾਰਿਆਂ ਨੂੰ ਗੁਰਮੁਖੀ ਪੜ੍ਹਨ ਦੀ ਤਾਕੀਦ ਕਰਦੇ ਹਨ ਤਾਕਿ ਓਹ ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਦੇ ਪਾਠ ਕਰ ਸਕਣ ਤੇ ਭਜਨ ਬੰਦਗੀ ਵਲ ਜੁੜ ਸਕਣ।

ਰਾਜਸੀ ਨੁਕਤੇ ਤੋਂ ਸਾਖੀਆਂ ਦੇ ਅਧਾਰ ਤੇ ਮਲੂਮ ਹੁੰਦਾ ਹੈ ਆਪ ਨੂੰ ਯਕੀਨ ਜਿਹਾ ਹੋ ਗਿਆ ਹੋਇਆ ਸੀ ਕਿ ਛੇਤੀ ਹੀ ਰਾਜਰੌਲਾ ਪੈ ਜਾਏਗਾ, ਅੰਗ੍ਰੇਜ਼ ਹਿੰਦੁਸਤਾਨ ਤੋਂ ਚਲੇ ਜਾਣਗੇ, ਰੂਸ ਇਥੇ ਆ ਜਾਏਗਾ, ਅਤੇ ਆਪ ਦਾ ਦੇਸ਼-ਨਿਕਾਲਾ ਕਟਿਆ ਜਾਏਗਾ ਤੇ ਆਪ ਮੁੜ ਪੰਜਾਬ ਨੂੰ ਆ ਜਾਣਗੇ। ਪਰ, ਜਿਵੇਂ ਪਿਛੇ ਦੱਸਿਆ ਗਿਆ ਹੈ, ਇਹ ਸਭ ਕੁਝ ਕਿਸੇ ਚਤੁਰ ਦਿਮਾਗ਼ ਦੀਆਂ ਘਾੜਤਾਂ ਸਨ ਜੋ ਸਾਖੀਆਂ ਵਿਚ ਮਿਲਾਈਆਂ ਹੋਈਆਂ ਸਨ ਅਤੇ ਜਿਨ੍ਹਾਂ ਨੂੰ ਭਾਈ ਸਾਹਿਬ ਨੇ ਠੀਕ ਮੰਨ ਲਿਆ ਹੋਇਆ ਸੀ, ਨਹੀਂ ਤਾਂ ਇਨ੍ਹਾਂ ਨੇ ਨਾ ਤਾਂ ਪੂਰਾ ਹੋਣਾ ਹੀ ਸੀ ਤੇ ਨਾਂ ਹੀ ਪੂਰੀਆਂ ਹੋਈਆਂ। ਨਾ ਕੋਈ ਰਾਜ ਰੌਲਾ ਪਿਆ, ਨਾ ਰੂਸ ਆਇਆ, ਨਾ ਅੰਗ੍ਰੇਜ਼ ਗਏ, ਨਾ ਹੀ ਕੈਦੋਂ ਆਪ ਦੀ ਖਲਾਸੀ ਹੋਈ ਅਤੇ ਨਾ ਹੀ ਆਪ ਮੁੜ ਦੇਸ ਨੂੰ ਆ ਸਕੇ।

ਅੰਮ੍ਰਿਤਸਰ, ਰਾਏਕੋਟ, ਮੋਰਿੰਡਾ ਆਦਿ ਦੇ ਕਤਲਾਂ ਦਾ ਆਪ ਨੂੰ ਪਤਾ ਤਾਂ ਹੋ ਸਕਦਾ ਹੈ ਅਤੇ ਇਹ ਭੀ ਕੁਦਰਤੀ ਗੱਲ ਹੈ ਕਿ ਹਰ ਕੋਈ ਆਪਣੇ ਸੰਗੀਆਂ ਦੇ ਪਰਦੇ ਢਕਣ ਦਾ ਯਤਨ ਕਰਦਾ ਹੈ, ਪਰ ਉਸ ਤਰਾਂ ਉਹ ਨਾ ਤਾਂ ਕਤਲਾਂ ਦੀ ਕਿਸੇ ਸਾਜ਼ਸ਼ ਵਿਚ ਹੀ ਸ਼ਾਮਲ ਸਨ ਅਤੇ ਨਾ ਹੀ ਓਹ ਕਿਸੇ ਰਾਜ ਵਿਦਰੋਹ ਦੀਆਂ ਗੋਂਦਾਂ ਗੁੰਦ ਰਹੇ ਸਨ ਜਿਸ ਕਰਕੇ ਉਨਾਂ ਨੂੰ ਦੇਸ਼-ਨਿਕਾਲੇ ਦਾ ਭਾਗੀ ਕਿਹਾ ਜਾ ਸਕੇ। ੧੮੫੭ ਦੇ ਗਦਰ ਦੀ ਡਰੀ ਹੋਈ ਸਰਕਾਰ ਹਿੰਦ ਨੂੰ ਹਰ ਇਕ ਨਵੀਂ ਉਠ ਰਹੀ ਲਹਿਰ ਤੋਂ ਗਦਰ ਦੀ ਬੋ ਆਉਂਦੀ ਸੀ, ਅਤੇ ਬੇਸ਼ੁਮਾਰ ਐਸੇ ਖੁਸ਼ਾਮਦੀ ਲੋਕ ਹਰ ਸਮੇਂ ਮੌਜੂਦ ਹੁੰਦੇ ਹਨ ਜੋ

Digitized by Panjab Digital Library/ www.panjabdigilib.org