ਪੰਨਾ:ਕੂਕਿਆਂ ਦੀ ਵਿਥਿਆ.pdf/352

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੪੮

ਕੂਕਿਆਂ ਦੀ ਵਿਥਿਆ

ਕੀਤੇ ਸਨ। ਪਰ ਇਹ ਗੱਲ ਕਿਸੇ ਤਰ੍ਹਾਂ ਬਾਹਰ ਨਿਕਲ ਜਾਣ ਨਾਲ ਸਿਰੇ ਨਹੀਂ ਸੀ ਚੜ੍ਹ ਸਕੀ।

ਬਾਬਾ ਰਾਮ ਸਿੰਘ ਦੇ ਵੇਲੇ ਛਾਪੇ ਖਾਨੇ ਪੰਜਾਬ ਵਿਚ ਆਮ ਨਹੀਂ ਸੀ ਹੁੰਦੇ, ਪੋਥੀਆਂ ਹੱਥੀਂ ਲਿਖੀਆਂ ਹੀ ਹੁੰਦੀਆਂ ਸਨ ਤੇ ਓਹ ਭੀ ਟਾਂਵੀਆਂ ਟਾਂਵੀਆਂ, ਇਸ ਲਈ ਅਸਲ ਪੋਥੀ ਤੇ ਮਿਲਾਵਟਾਂ ਵਾਲੀ ਦਾ ਟਾਕਰਾ ਕਰ ਸਕਣਾ ਮੁਸ਼ਕਲ ਸੀ ਤੇ ਮਿਲਾਵਟਾਂ ਕਰਨ ਵਾਲਿਆਂ ਨੂੰ ਰੋਕਣਾ ਹੋਰ ਵੀ ਮੁਸ਼ਕਲ।

ਸੌ-ਸਾਖੀ ਦੇ ਆਧਾਰ ਤੇ ਖੁਦ ਭਾਈ ਰਾਮ ਸਿੰਘ ਨੂੰ ਕੁਝ ਯਕੀਨ ਜਿਹਾ ਬਣ ਗਿਆ ਜਾਪਦਾ ਹੈ ਕਿ ਉਨ੍ਹਾਂ ਨੇ ਰਾਜ ਕਰਨਾ ਹੈ ਕਿਉਂਕਿ ਓਹ ਕਈ ਵਾਰੀ ਕੂਕਿਆਂ ਨੂੰ ਪੋਥੀ ਵਿਚੋਂ ਪੜ੍ਹ ਕੇ ਸੁਣਾਇਆ ਕਰਦੇ ਸਨ ਤੇ ਆਖਿਆ ਕਰਦੇ ਸਨ ਕਿ ਇਹ ਦੇਖੋ ਗੁਰੂ ਕੇ ਵਕ ਹਨ ਕਿ ਅਸਾਂ ਰਾਜ ਕਰਨਾ ਹੈ। ਰੰਗੂਨ ਜਲਾਵਤਨੀ ਦੇ ਦਿਨਾਂ ਵਿਚ ਸਾਖੀਆਂ ਦੀਆਂ ਭਵਿੱਖ ਬਾਣੀਆਂ ਦੇ ਆਧਾਰ ਤੇ ਉਨ੍ਹਾਂ ਨੂੰ ਇਹ ਪੱਕਾ ਖਿਆਲ ਹੋ ਗਿਆ ਹੋਇਆ ਸੀ ਕਿ ਅੰਗ੍ਰੇਜ਼ੀ ਰਾਜ ਦੇ ਝਟ ਪੱਟ ਉਨ੍ਹਾਂ ਦਿਨਾਂ ਵਿਚ ਹੀ ਉਠ ਜਾਣ ਦਾ ਸਮਾਂ ਪੁਜ ਗਿਆ ਹੈ ਤੇ ਉਨ੍ਹਾਂ ਨੂੰ ਆਸ ਸੀ ਕਿ ਉਹ ਛੇਤੀ ਹੀ ਮੁੜ ਦੇਸ ਪੁਜ ਜਾਣਗੇ। ਪਰ ਇਕ ਗੱਲ ਜਰੂਰ ਸੀ ਕਿ ਗੁਰੂ ਉਤੇ ਉਨ੍ਹਾਂ ਦਾ ਇਤਨਾ ਦ੍ਰਿੜ੍ਹ ਭਰੋਸਾ ਸੀ ਕਿ ਇਸ ਦੇ ਟਾਕਰੇ ਤੇ ਸੌ-ਸਾਖੀ ਯਾ ਕਿਸੇ ਹੋਰ ਪੋਥੀ ਉਤੇ ਉਨ੍ਹਾਂ ਦਾ ਯਕੀਨ ਬਹੁਤ ਹੀ ਪਤਲਾ ਸੀ। ਜਦ ਵੀ ਕਦੀ ਉਹ ਇਸ ਗੱਲ ਦਾ ਜ਼ਿਕਰ ਕਰਦੇ ਸਨ ਤਾਂ ਅੰਤ ਵਿਚ ਇਹ ਹੀ ਕਹਿੰਦੇ ਸਨ, "ਅੱਗੇ ਭਾਈ ਗੁਰੂ ਬੇਅੰਤ ਹੈ", "ਗੁਰੂ ਭਾਣੇ ਦਾ ਮਾਲਕ ਹੈ", "ਅੱਗੇ ਭਾਈ ਗੁਰੁ ਜਾਣੇ।"

ਬਾਬਾ ਰਾਮ ਸਿੰਘ ਦਾ ਪਿੰਡ ਭੈਣੀ ਕੂਕਾ ਸੰਪ੍ਰਦਾਇ ਦਾ ਕੇਂਦਰ ਸੀ ਅਤੇ ਇਸ ਦੀ ਮਸ਼ਹੂਰੀ ਵਧਦੀ ਜਾ ਰਹੀ ਸੀ। ਬਾਬਾ ਰਾਮ ਸਿੰਘ ਦੀ ਇਛਾ ਸੀ ਕਿ ਇਸ ਦਾ ਨਾਮ ਬਦਲ ਦਿੱਤਾ ਜਾਏ।

Digitized by Panjab Digital Library/ www.panjabdigilib.org