ਪੰਨਾ:ਕੂਕਿਆਂ ਦੀ ਵਿਥਿਆ.pdf/280

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੭੬

ਕੂਕਿਆਂ ਦੀ ਵਿਥਿਆ

ਤੇ ਗੁਰਿਆਈ ਦਾ ਕੰਮ ਬਾਲ ਸਮਾਨ ਭੀ ਨਹੀਂ। ਹੋਰ ਭਾਈ ਤੁਸੀਂ ਤਾਂ ਸਾਡੀ ਦੇਹ ਪ੍ਰਾਨ ਹੋ। ਸਾਨੂੰ ਤਾਂ ਪੰਜਾਬ ਦਾ ਜੇ ਭੰਗੀ ਮਿਲਦਾ ਤਾਂ ਓਸ ਨੂੰ ਭੀ ਬੜੀ ਚਾਹ ਨਾਲ ਮਿਲਦੇ ਹਾਂ। ਸਾਨੂੰ ਤਾਂ ਪੰਜਾਬ ਦੇ ਮਨੁਖਾਂ ਦਾ ਦੀਦਾਰ ਹੋਣਾ ਭੀ ਬਡਾ ਦੁਰਲੰਭ ਹੈ। ਅਸੀਂ ਜੋ ਬਾਬਾ ਮਨੇ ਕਰਦੇ ਹਾਂ ਜੋ ਕੋਈ ਆਵੇ ਨਾ ਛੇਤੀ, ਜੋ ਕੋਈ ਆਵੇ ਈ ਤਾਂ ਬਰਸ ਦਿਨ ਮੈ ਆਵੇ ਇਕ ਆਦਮੀ, ਅਰ ਜਨਾਨਾਂ ਕੋਈ ਨਾ ਆਵੇ, ਸੋ ਇਸ ਵਾਸਤੇ ਆਖਦੇ ਹਾਂ ਜੋ ਏਤਨੀ ਦੂਰ ਅਰ ਏਨਾਂ ਬਹੁਤਾ ਖਰਚ ਕਰ ਕੇ ਆਉਣਾ ਅਰ ਬਡਾ ਕਸ਼ਟ ਸਹਿ ਕੇ, ਸੋ ਏਥੇ ਏਮ ਮਲੇਛ ਮਿਲਣ ਨਹੀਂ ਦੇਂਦੇ। ਤੁਹਾਡੀ ਮਾਲਮੀ ਹੋਏ ਗਈ, ਕਿਸੇ ਨੇ ਕਰਵਾਇ ਦਿਤੀ, ਸੋ ਏਨਾਂ ਹੁਣ ਬਡੀ ਤਕੜਾਈ ਕਰੀ ਹੋਈ ਹੈ॥ ਸੋ ਏਨਾਂ ਦੇ ਭੀ ਕੁਛ ਬਸ ਨਹੀਂ॥ ਜਿਹੜਾ ਬਡਾ ਗੋਰਾ ਹੈ, ਸਾਰੇ ਦੇਸ਼ਾਂ ਉਤੇ ਜਿਸ ਦਾ ਹੁਕਮ ਹੈ ਉਸ ਦਾ ਲਿਖਾ ਹੁਕਮ ਏਥੇ ਕੰਧ ਦੇ ਨਾਲ ਲਾਇਆ ਹੈ, ਜੇ ਕੋਈ ਆਦਮੀ ਏਸ ਦੇ ਨਾਲ ਬਾਤ ਕਰੇ ਤਾਂ ਉਸ ਨੂੰ ਕੈਦ ਕਰੋ, ਅਰ ਜੋ ਕੁਛ ਬਾਹਿਰ ਤੇ ਸਿਟੇ ਅੰਦਰ ਕੋ, ਅੰਦਰੋ ਬਾਹਰ ਸਿਟੇ ਤਾਂ ਉਸ ਨੂੰ ਭੀ ਕੈਦ ਕਰੋ, ਅਰ ਕੋਈ ਆਦਮੀ ਏਥੇ ਸੌਂਹੇ ਖੜਾ ਨਾ ਹੋਣ ਦੇਉ ਸੋ ਇਹ ਇਵੇਂ ਕਰਦੇ ਹੈਂ। ਪਰਮੇਸਰ ਨੇ ਏਨਾਂ ਦੇ ਸੰਤ੍ਰੀਆਂ ਦੇ ਮਨ ਮੈ ਨਰਮਾਈ ਪਾਈ ਹੈ, ਤਾਂ ਏ ਕੁਛ ਕੰਮ ਕਰਾਇ ਦਿੰਦੇ ਹੈਨ। ਕੋਈ ਕੋਈ ਸੰਤ੍ਰੀ ਭੀ ਐਸੇ ਹੈ ਬਾਹਰ ਤੇ ਆਦਮੀ ਨੂੰ ਖੜਾ ਨਹੀਂ ਹੋਣ ਦਿੰਦੇ, ਜੋ ਇਨਾਂ ਮਲੇਛਾਂ ਨੂੰ ਕੁਛ ਮਲੂਮ ਹੋਏ ਜਾਵੇ ਤਾਂ ਏ ਨਾਲੇ ਸੰਤ੍ਰੀਆਂ ਨੂੰ ਭੀ ਕੈਦ ਕਰਨ, ਨਾਲੇ ਨਾਮ ਕੱਟ ਦੇਣ, ਨਾਲੇ ਬੈਂਤ ਮਾਰਨ, ਨਾਲੇ ਜੇੜਾ ਸਾਨੂੰ ਮਿਲਣ ਆਵੇ, ਉਸ ਨੂੰ ਭੀ ਕੈਦ ਕਰ ਦੇਣਗੇ॥ ਅਰ ਕੇ ਜਾਣੇ ਕੌਣ ਟਾਪੂ ਮੈ ਸਾਨੂੰ ਲੈ ਜਾਣਗੇ, ਕੈਸੀ ਔਖੀ ਜਗਾ, ਗੁਰੂ ਹੀ ਪੜਦਾ ਕਜੀ ਜਾਂਦਾ ਹੈ, ਏਸ ਵਾਸਤੇ ਅਸੀ ਮਨੇ ਕਰਦੇ ਹਾਂ ਜੋ ਕੋਈ ਨਾ ਆਉ॥ ਅਸੀਂ ਤਾਂ ਬੰਦ ਮੈ ਹੈ, ਜੇ ਕਰ ਆਪਣੇ ਆਦਮੀਆਂ ਨੂੰ ਤਸੀਹਾ ਹੋਇਆ ਤਾਂ ਸਾਨੂੰ ਹੋਰ ਦੁਖ ਖੜਾ ਹੋ ਜਾਊਗਾ, ਅਰ

Digitized by Panjab Digital Library/ www.panjabdigilib.org