ਪੰਨਾ:ਕੂਕਿਆਂ ਦੀ ਵਿਥਿਆ.pdf/232

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨੮

ਕੂਕਿਆਂ ਦੀ ਵਿਥਿਆ

ਮੇਰੀ ਦੂਜੇ ਥਾਂ ਕਦੇ ਭੀ ਨਾ ਪ੍ਰਤੀਤ ਹੋਏ। ਮਹਾਰਾਜ ਮੈਨੂੰ ਸਦਾ ਹੀ ਬੇਮੁਖੀ ਤੋਂ ਰਖ ਲਈਂ ਬੇਮੁਖੀ ਇਸ ਦਾ ਨਾਉਂ ਹੈ ਜੋ ਗੁਰੂ ਦੇ ਹੁਕਮ ਤੇ ਫਿਰ ਜਾਣਾ। ਅਰ, ਬਡਾ ਦੁਖ ਹੈ ਬੇਮੁਖੀ ਦਾ। ਇਹ ਮੰਗ ਗੁਰੂ ਸਾਹਿਬ ਤੇ ਹਰ ਵਕਤ ਕਦੇ ਬੋਲ ਕੇ ਮੰਗਣੀ, ਕਦੇ ਅੰਦਰ ਹੀ, ਅੰਤਰਯਾਮੀ ਸਾਰੇ ਹੀ ਸੁਣਦਾ ਹੈ।। ਹਰ ਵਕਤ ਗੁਰੂ ਜੀ ਤੇ ਇਹ ਮੰਗਣਾ, ਹੇ ਮਹਾਰਾਜ ਸਾਸ ੨ ਤੇਰਾ ਨਾਮ ਚਿਤ ਆਵੇ। ਮਹਾਰਾਜ ਨਾ ਕਦੇ ਦੁਖ ਵਿਚ ਵਿਸਰੀਂ, ਨਾ ਸੁਖ ਵਿਚ ਵਿਸਰੀਂ, ਸਦਾ, ਹੀ ਮੇਰੇ ਹਿਰਦੇ ਬਸੀ, ਮੈਨੂੰ ਕੋਈ ਹੋਰ ਨਾ ਰਹੇ, ਸਦਾ ਈ ਤੇਰੇ ਨਾਮ ਦੀ ਭੁਖ ਲਗੀ ਰਹੇ। ਸਾਰਿਆਂ ਪਦਾਰਥਾਂ ਤੇ ਆਪਣੀ ਦਰਗਾਹੋਂ ਆਪਣੇ ਦਿਤੇ ਉਤੇ ਸੰਤੋਖ ਦਾ ਦਾਨ ਦੇਈਂ॥ ਹਮੇਸ਼ਾਂ ਇਹ ਅਰਦਾਸ ਤੂੰ ਆਪਣੇ ਪਾਸ ਰੱਖੀਂ ਅਰ ਜੋ ਮੈਂ ਆਖੀ ਹੈ ਸੋ ਮੰਗ ਹਮੇਸ਼ਾਂ ਈ ਮੰਗਣੀ ਗੁਰੂ ਸਾਹਿਬ ਪਾਸ ਤੇ, ਅਰ ਮੰਨਣ ਵਾਲਾ ਹੋਵੋ ਕੋਈ ਸਰੀਰ ਤਾਂ ਉਸ ਕੋ ਭੀ ਸੁਣਾਇ ਦੇਣੀ। ਏਸ ਮੰਗ ਮੰਗਣ ਤੇ ਸਾਰੇ ਹੀ ਕਾਰਜ ਸਰ ਜਾਣਗੇ।। ਅਰ ਕਦੇ ਭੀ ਕੋਈ ਦੁਖ ਨਾ ਹੋਊਗਾ, ਏਸ ਹਾਲ ਚਲਣਿ ਤੇ ਮੈਂ ਕੀ ਆਖਣਾ ਹੈ ਸਾਰੇ ਗੁਰੂ ਗਰੰਥ ਸਾਹਿਬ ਮੈਂ ਇਹੋ ਬਾਤਿ ਲਿਖੀ ਹੈ। ਜੀਆਂ ਦਾ ਮੰਗਣ ਦਾ ਕੰਮ ਹੈ, ਦੇਣ ਵਾਲਾ ਗੁਰੂ ਹੈ॥ ਜੀਆਂ ਨੂੰ ਮੰਗ ਮੰਗਣ ਦਾ ਈ ਦੁਖ ਹੋਇ ਰਿਹਾ ਹੈ। ਸਤਿ ਪ੍ਰਤੀਤ ਜਾਨਣੀ॥ ਅਰ ਉਤਮੀ ਨੂੰ ਇਹ ਅਰਦਾਸ ਉਤਾਰ ਦੇਣੀ, ਉਹ ਭੀ ਤੇਰੀ ਸਹੇਲੀ ਹੈ। ਉੱਤਮੀ, ਏਸ ਅਰਦਾਸ ਨੂੰ ਆਪਣੇ ਪਾਸ ਰਖ, ਹਰ ਵਕਤ ਪ੍ਰਮੇਸ਼ਰ ਦਾ ਸਿਮਰਨ ਕਰਨਾਂ।। ਹਰ ਵਕਤ ਆਖਣਾ ਹੈ ਪ੍ਰਮੇਸ਼ਰ, ਤੇਰੀ ਸਰਣ ਹੈ, ਮਨਮੁਖੀ ਤੋਂ ਰਖਿ ਲਈ। ਗੁਰਮਤਿ ਦਾ ਦਾਨ ਦੇਈਂ, ਆਪਣੀ ਦਰਗਾਹੋਂ॥ ਗੁਰੂ ਦਿਇਆਲ ਹੈ, ਜੋ ਸਰਨ ਆਵੈ ਤਿਸੇ ਕੰਠ ਲਾਵੇ. ਇਹ ਬਿਰਦੁ ਸੁਆਮੀ ਸੰਦਾ॥ ਜਿਤਨੇ ਸੁਖ ਹੈਨ ਲੋਕ ਪ੍ਰਲੋਕ ਦੇ, ਸੋ ਸਾਰੇ ਗੁਰਮਤਿ ਮੇਂ ਹੈਨ, ਜਿਤਨੇ ਦੁਖ ਹੈਨ ਸੁ ਮਨਮਤ ਹੈਨ।