ਪੰਨਾ:ਕੂਕਿਆਂ ਦੀ ਵਿਥਿਆ.pdf/173

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਲੇਰ ਕੋਟਲੇ ਉਤੇ ਹੱਲਾ ਤੇ ਰੜ ਵਿਚ ਗ੍ਰਿਫਤਾਰ

੧੬੯

ਰਾਖੀ ਦਾ ਕੋਈ ਪ੍ਰਬੰਧ ਨਹੀਂ ਸੀ। ਨਵਾਬ ਗੁਲਾਮ ਮੁਹੰਮਦ ਖਾਨ ਬਿਨਾਂ ਪੁੱਛੇ ਹੀ ਕਲਕੱਤੇ ਚਲਾ ਗਿਆ ਹੋਇਆ ਸੀ ਅਤੇ ਆਪਣੀ ਗੈਰ-ਹਾਜ਼ਰੀ ਵਿਚ ਰਿਆਸਤ ਦੇ ਇੰਤਜ਼ਾਮ ਲਈ ਕੋਈ ਚੰਗਾ ਪ੍ਰਬੰਧ ਨਹੀਂ ਸੀ ਕਰ ਗਿਆ ਹੋਇਆ। ਪਿੱਛੇ ਉਸ ਦੇ ਪੁੱਤਰ ਤੇ ਨਾਜ਼ਿਮ ਦੀ ਨਹੀਂ ਸੀ ਬਣਦੀ ਤੇ ਉਸ ਨੇ ਨਾਜ਼ਿਮ ਦੇ ਫੜੇ ਹੋਏ ਕਝ ਦੋਸ਼ੀ ਛੱਡ ਦਿਤੇ ਸਨ। ਮਿਸਟਰ ਫ਼ਰਸਾਈਥ ਦੇ ਕਈ ਵਾਰੀ ਲਿਖਣ ਪਰ ਭੀ ਨਵਾਬ ਗੁਲਾਮ ਮੁਹੰਮਦ ਖਾਨ ਕਲਕੱਤਿਓ ਨਹੀਂ ਸੀ ਮੜਿਆ! ਸਕਰੌਦੀਏ ਸਰਦਾਰ ਹੀਰਾ ਸਿੰਘ ਤੇ ਲਹਿਣਾ ਸਿੰਘ ਇਨ੍ਹਾਂ ਗੱਲਾਂ ਤੋਂ ਅਣਜਾਣ ਨਹੀਂ ਸਨ ਹੋ ਸਕਦੇ। ਇਸੇ ਲਈ ਹੀ ਉਨ੍ਹਾਂ ਨੇ ਪਹਿਲਾ ਨਿਸ਼ਾਨਾ ਮਲੇਰ ਕੋਟਲੇ ਨੂੰ ਚੁਣਿਆ ਜਾਪਦਾ ਹੈ।

੧੪ ਜਨਵਰੀ ਦੀ ਰਾਤ ਨੂੰ ਮਲੌਦ ਤੋਂ ਨਿਕਲਨ ਪਿਛੋਂ ਕੂਕੇ ਸਕਰੌਦੀਏ ਸਰਦਾਰਾਂ ਦੀ ਅਗਵਾਈ ਵਿਚ ਮਲੇਰ ਕੋਟਲੇ ਵਲ ਨੂੰ ਹੋ ਪਏ। ੧੩ ਜਨਵਰੀ ਦੀ ਰਾਤ ਨੂੰ ਹੀ ਡਿਪਟੀ ਇਨਸਪੈਕਟਰ ਸਰਫ਼ਰਾਜ਼ ਖ਼ਾਨ ਨੇ ਡਿਪਟੀ ਕਮਿਸ਼ਨਰ ਲੁਧਿਆਣੇ ਦੇ ਕਹਿਣ ਪਰ ਰਿਆਸਤਾਂ ਦੇ ਵਕੀਲਾਂ ਨੂੰ ਖ਼ਬਰ ਕਰ ਦਿੱਤੀ ਸੀ। ਮਲੇਰ ਕੋਟਲੇ ਦੇ ਅਹਿਲਕਾਰਾਂ ਨੂੰ ੧੪ ਜਨਵਰੀ ਦੀ ਸ਼ਾਮ ਨੂੰ ਖਬਰ ਪੁਜ ਗਈ ਸੀ ਤੇ ਉਨ੍ਹਾਂ ਨੇ ਰਾਤ ਨੂੰ ਸ਼ਹਿਰ ਦੇ ਆਲੇ ਦੁਆਲੇ ਗਸ਼ਤੀ ਪਹਿਰੇ ਲਾ ਦਿੱਤੇ ਸਨ ਅਤੇ ਦਰਵਾਜ਼ਿਆਂ ਉੱਤੇ ਪਹਿਰਾ ਤਕੜਾ ਕਰ ਦਿੱਤਾ" ਸੀ, ਪਰ ਚੂੰਕਿ ਰਾਤ ਨੂੰ ਹੱਲਾ ਕੋਈ ਨਹੀਂ ਸੀ ਹੋਇਆ ਇਸ ਲਈ ੧੫ ਜਨਵਰੀ ਦੀ ਸਵੇਰੇ ਹੀ ਇਹ ਪਹਿਰੇ ਹਟਾ ਲਏ ਗਏ।

੧੪-੧੫ ਜਨਵਰੀ ਦੀ ਰਾਤ ਦੇ ਮਲੌਦੋਂ ਚੱਲੇ ਹੋਏ ਕੂਕੇ ੧੫ ਦੀ ਸਵੇਰੇ ਹੀ ਕੋਟਲੇ ਪੁਜ ਗਏ। ਇਨ੍ਹਾਂ ਦੀ ਗਿਣਤੀ ਦਾ ਠੀਕ ਠੀਕ ਅੰਦਾਜ਼ਾ ਨਹੀਂ ਲਗ ਸਕਿਆ, ਪਰ ਖਿਆਲ ਇਹ ਹੈ ਕਿ ਇਸ ਜਥੇ ਦੀ ਗਿਣਤੀ ਸਵਾ ਸੌ ਤੋਂ ਜ਼ਿਆਦਾ ਕਦੀ ਭੀ ਨਹੀਂ ਵਧੀ। ਇਨ੍ਹਾਂ ਨੇ ਸਵੇਰੇ ਸਤ ਕੁ ਵਜੇ ਅਚਾਨਕ ਹੀ ਹੱਲਾ ਬੋਲ ਦਿੱਤਾ।