ਪੰਨਾ:ਕੂਕਿਆਂ ਦੀ ਵਿਥਿਆ.pdf/167

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਲੌਦ ਉਤੇ ਧਾਵਾ

੧੬੩



ਖਿਆਲ ਇਹ ਸੀ ਕਿ ਹੋਰ ਕੂਕੇ ਉਨ੍ਹਾਂ ਦੇ ਨਾਲ ਆ ਰਲਣਗੇ। ਪਰ ਆਇਆ ਕੋਈ ਨਾ। ਇਨ੍ਹਾਂ ਲਹਿਣਾ ਸਿੰਘ ਤੇ ਨਾਰਾਇਣ ਸਿੰਘ ਸਾਧ ਪਾਸੋਂ ਭਾਂਡੇ ਮੰਗ ਕੇ ਲੰਗਰ ਸਜਾਇਆ ਤੇ ਕੁਝ ਕੁ ਨੂੰ ਪਿੰਡ ਵਾਲਿਆਂ ਨੇ ਇਥੇ ਲਿਆ ਕੇ ਪ੍ਰਸ਼ਾਦ ਛਕਾਇਆ। ਸ਼ਾਮ ਨੂੰ ਜਿਸ ਵੇਲੇ ਕੂਕੇ ਰੱਬੋਂ ਤੋਂ ਮਲੇਰ ਕੋਟਲੇ ਨੂੰ ਤੁਰਨ ਲੱਗੇ ਤਾਂ ਖਿਆਲ ਆਇਆ ਕਿ ਮਲੌਦ ਰਾਹ ਵਿਚ ਹੈ, ਜੋ ਇਥੋਂ ਕੁਝ ਹਥਿਆਰ ਤੇ ਘੋੜੇ ਹੱਥ ਲੱਗ ਜਾਣ ਤਾਂ ਮਲੇਰ ਕੋਟਲੇ ਦਾ ਹੱਲਾ ਜ਼ਿਆਦਾ ਚੰਗੀ ਤਰ੍ਹਾਂ ਸਫਲ ਹੋ ਸਕੇਗਾ। ਮਲੌਦ ਵਿਚ ਸਰਦਾਰ ਬਦਨ ਸਿੰਘ ਪਾਸ ਕੋਈ ਫੌਜ ਹੈ ਹੀ ਨਹੀਂ ਸੀ ਜਿਸ ਤੋਂ ਕਿਸੇ ਨੁਕਸਾਨ ਦਾ ਡਰ ਹੁੰਦਾ, ਇਸ ਲਈ ਉਨ੍ਹਾਂ ਦਾ ਹੌਸਲਾ ਹੋਰ ਵੀ ਵਧ ਗਿਆ ਤੇ ਆਸ ਹੋ ਗਈ ਕਿ ਸਰਦਾਰ ਦੇ ਚਾਲੀ ਘੋੜੇ ਅਤੇ ਕਾਫੀ ਹਥਿਆਰ ਸੁਖਾਲੇ ਹੀ ਹੱਥ ਆ ਜਾਣਗੇ। ਸੋ ਇਸ ਖਿਆਲ ਨਾਲ ਸਰਦਾਰ ਹੀਰਾ ਸਿੰਘ ਤੇ ਲਹਿਣਾ ਸਿੰਘ ਆਪਣੇ ਜਥੇ ਸਮੇਤ ਮਲੌਦ ਵਲ ਨੂੰ ਸਿੱਧੇ ਹੋ ਪਏ ਤੇ ਦੀਵੇ ਬਤੀ ਵੇਲੇ ਉਥੇ ਪੁਜੇ।

ਫੈਸਲਾ ਇਹ ਹੋਇਆ ਕਿ ਲਾਠੀਆਂ ਵਾਲੇ ਜਾ ਕੇ ਛੋਟਿਆਂ ਦਰਵਾਜਿਆਂ ਤੇ ਪਹਿਰਾ ਰੱਖਣ ਤੇ ਬਾਕੀ ਦੇ ਦੋ ਪਾਰਟੀਆਂ ਵਿਚ ਅੰਦਰ ਜਾ ਕੇ ਧਾਵਾ ਬੋਲਣ। ਇਹ ਲਹਿੰਦੇ ਦਰਵਾਜ਼ੇ ਦੇ ਰਸਤੇ ਸ਼ਹਿਰ ਵਿਚ ਦਾਖਲ ਹੋਏ। ਦਰਵਾਜ਼ੇ ਉਤੇ ਧੌਂਕਲ ਸਿੰਘ ਰਾਜਪੂਤ ਪਹਿਰੇ ਤੇ ਸੀ। ਕੂਕਿਆਂ ਨੇ ਉਸ ਦੇ ਹੱਥ ਪਿੱਠ ਪਿਛੇ ਬਨ੍ਹ ਦਿੱਤੇ ਅਤੇ ਚਾਰ ਆਦਮੀ ਉਸ ਦੇ ਉਤੇ ਲਾ ਦਿੱਤੇ। ਇਕ ਪਾਰਟੀ ਤਾਂ ਝੱਟ ਸਰਦਾਰ ਬਦਨ ਸਿੰਘ ਦੇ ਘਰ ਨੂੰ ਗਈ ਤੇ ਦੁਸਰੀ ਤਬੇਲੇ ਵਲ ਨੂੰ ਹੋ ਪਈ।

ਸਰਦਾਰ ਬਦਨ ਸਿੰਘ ਸ਼ਿਕਾਰੋਂ ਮੁੜ ਕੇ ਆਇਆ ਸੀ। ਬਾਰਾਂ ਤੇਰਾਂ ਕੂਕਿਆਂ ਨੇ ਅੰਦਰ ਵੜ ਕੇ ਫਤਿਹ ਬੁਲਾਈ ਤੇ ਸਰਦਾਰ ਉਤੇ ਟੁੱਟ ਪਏ। ਕੇਸਾਂ ਤੋਂ ਫੜ ਕੇ ਸਰਦਾਰ ਨੂੰ ਗਾਲਾਂ ਕਢਦੇ ਤੇ