ਪੰਨਾ:ਕੂਕਿਆਂ ਦੀ ਵਿਥਿਆ.pdf/12

ਇਹ ਸਫ਼ਾ ਪ੍ਰਮਾਣਿਤ ਹੈ

ਗਵਾਹੀਆਂ ਦਾ ਅੰਤ ਤਕ ਆਪਸ ਵਿਚ ਟਾਕਰਾ ਕਰਦਾ ਅਤੇ ਉਨ੍ਹਾਂ ਨੂੰ ਛਾਣਦਾ ਪੁਣਦਾ ਰਹਿੰਦਾ ਹੈ। ਉਸ ਦਾ ਕੰਮ ਕਿਸੇ ਪਹਿਲੀ ਮਿਥੀ ਹੋਈ ਗੱਲ ਨੂੰ ਸਿੱਧ ਕਰਨ ਲਈ ਕੁਝ ਮਸਾਲੇ ਨੂੰ ਜਾਣ ਬੁਝ ਕੇ ਛੁਪਾ ਜਾਣਾ ਅਤੇ ਕੁਝ ਕੁ ਨੂੰ ਜ਼ਿਆਦਾ ਵਿਸ਼ੇਸ਼ਤਾ ਦੇਣਾ ਨਹੀਂ ਹੁੰਦਾ। ਜਿਉਂ ਜਿਉਂ ਹੋਰ ਨਵਾਂ ਤੇ ਜ਼ਿਆਦਾ ਭਰੋਸੇ-ਯੋਗ ਮਸਾਲਾ ਸਾਮ੍ਹਣੇ ਆਉਂਦਾ ਜਾਂਦਾ ਹੈ ਉਹ ਆਪਣੀਆਂ ਲਿਖਤਾਂ ਨੂੰ ਸੋਧਦਾ ਚਲਾ ਜਾਂਦਾ ਹੈ। ਕੋਈ ਈਮਾਨਦਾਰ ਇਤਿਹਾਸਕਾਰ ਅੰਨਾ ਪਖਪਾਤੀ ਤੇ ਜ਼ਿੱਦੀ ਨਹੀਂ ਹੋ ਸਕਦਾ। ਉਹ ਭਰੋਸੇ-ਯੋਗ ਨਵੇਂ ਸਾਲੇ ਦੀ ਰੋਸ਼ਨੀ ਵਿਚ ਆਪਣੀ ਲਿਖਤ ਨੂੰ ਸੋਧ ਲੈਣ ਲਈ ਹਰ ਵੇਲੇ ਖੁਲ੍ਹੇ ਦਿਲ ਤਿਆਰ ਰਹਿੰਦਾ ਹੈ।

ਕੂਕਿਆਂ ਤੋਂ ਵਡੀ ਉਕਾਈ ਇਹ ਹੋਈ ਹੈ ਕਿ ਉਨ੍ਹਾਂ ਨੇ ਆਪਣੀ ਲਹਿਰ ਦੇ ਸੰਚਾਲਕ ਆਗੂਆਂ ਨੂੰ ਗੁਰੂ ਗੋਬਿੰਦ ਸਿੰਘ ਤੋਂ ਬਾਦ ਸਰਬ ਸਿਖ ਪੰਥ ਦੇ ਗੁਰੂ ਬਣਾਉਣ ਦਾ ਯਤਨ ਕੀਤਾ ਹੈ ਤੇ ਇਸ ਲਈ ਸਹਾਰਾ ਸਿਖ ਇਤਿਹਾਸ ਦਾ ਲੈ ਲਿਆ ਹੈ ਜੋ ਬਾਬਾ ਬਾਲਕ ਸਿੰਘ ਤੇ ਬਾਬਾ ਰਾਮ ਸਿੰਘ ਨੂੰ ਗੁਰੁ ਗੋਬਿੰਦ ਸਿੰਘ ਦੀ ਗੱਦੀ ਮਿਲਣ ਦੀ ਕੋਈ ਭਰੋਸੇ ਯੋਗ ਪ੍ਰਮਾਣ-ਵਿਸ਼ੜਕ ਗਵਾਹੀ ਪੇਸ਼ ਨਹੀਂ ਕਰ ਸਕਦਾ। ਜੇ ਕੂਕੇ ਬਾਬਾ ਬਾਲਕ ਸਿੰਘ ਯਾ ਬਾਬਾ ਰਾਮ ਸਿੰਘ ਨੂੰ ਉਨ੍ਹਾਂ ਦੀਆਂ ਜ਼ਾਤੀ ਖਬੀਆਂ ਦੇ ਅਧਾਰ ਤੇ ਕੇਵਲ ਨਾਮਧਾਰੀ ਸੰਪ੍ਰਦਾਇ ਦੇ ਸੰਚਾਲਕ ਆਗੂਆਂ ਦੀ ਹੈਸੀਅਤ ਵਿਚ ਹੀ ਪੇਸ਼ ਕਰਦੇ ਤਾਂ ਉਨਾਂ ਨੂੰ ਪੁਰਾਤਨ ਸਿਖ ਇਤਿਹਾਸ ਨੂੰ ਮਰੋੜਨ ਤੋੜਨ ਦੀ ਲੋੜ ਨਾ ਪੈਂਦੀ।

ਇਸ ਪੁਸਤਕ ਦੇ ਲਿਖਣ ਦੇ ਸਮੇਂ ਵਿਚ ਹਾਸਲ ਹੋਏ ਤਜਰਬੇ ਦੇ ਅਧਾਰ ਤੇ ਮੈਂ ਇਹ ਕਹਿਣ ਪਰ ਮਜਬੂਰ ਹੋ ਰਿਹਾ ਹਾਂ ਕਿ ਆਪਣੇ ਬਜ਼ੁਰਗਾਂ ਨੂੰ ਆਪਣੇ ਮਨੋ-ਕਲਪਤ ਖ਼ਿਆਲਾਂ ਅਨੁਸਾਰ ਉੱਚਿਆਂ ਦੱਸਣ ਲਈ ਜੋ ਲਿਖਾਰੀ ਆਪੋ-ਘੜਤ ਕਹਾਣੀਆਂ ਉਨ੍ਹਾਂ