ਪੰਨਾ:ਕੂਕਿਆਂ ਦੀ ਵਿਥਿਆ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਨ ਪ੍ਰਤਿਸ਼ਟਾ ਵਿਚ ਘਾਟ

ਭਾਈ ਰਾਮ ਸਿੰਘ ਤੇ ਕੂਕਿਆਂ ਦੀ ਮਾਨ-ਪ੍ਰਤਿਸ਼ਟਾ ਤੇ ਪ੍ਰਸਿੱਧੀ ਨੂੰ ਨਜ਼ਰ-ਬੰਦੀ ਦੇ ਦਿਨਾਂ ਵਿਚ ਕਾਫ਼ੀ ਹੁਲਾਰਾ ਮਿਲਿਆ ਸੀ। ਹਰ ਕਿਸੇ ਨੂੰ ਕੁਦਰਤੀ ਤੌਰ ਤੇ ਇਹ ਖ਼ਿਆਲ ਪੈਦਾ ਹੋ ਜਾਣਾ ਸੀ ਕਿ ਭਾਈ ਰਾਮ ਸਿੰਘ ਦੇ ਉਪਦੇਸ਼ਾਂ ਤੇ ਮੰਤਵ ਵਿਚ ਕੋਈ ਤਾਂ ਐਸੀ ਗੱਲ ਜ਼ਰੂਰ ਹੈ ਜਿਸ ਤੋਂ ਕਿ ਸਰਕਾਰ ਅੰਗਰੇਜ਼ੀ ਭੀ ਭੈ ਖਾਂਦੀ ਹੈ ਅਤੇ ਭਾਈ ਰਾਮ ਸਿੰਘ ਨੂੰ ਖੁਲਾ ਫਿਰਨ ਦੇਣਾ ਖਤਰਨਾਕ ਸਮਝ ਕੇ ਪਿੰਡ ਵਿਚ ਨਜ਼ਰ ਬੰਦ ਕਰ ਦੇਣਾ ਜ਼ਰੂਰੀ ਸਮਝਦੀ ਹੈ। ਕੂਕਿਆਂ ਦੇ ਦੀਵਾਨਾਂ ਪਰ ਲਾਈਆਂ ਗਈਆਂ ਬੰਦਸ਼ਾਂ ਨੇ ਇਨ੍ਹਾਂ ਵਾਸਤੇ ਹਮਦਰਦੀ ਭੀ ਪੈਦਾ ਕਰ ਦਿੱਤੀ ਸੀ । ਪਰ ਜਦ ਭਾਈ ਰਾਮ ਸਿੰਘ ਨੂੰ ਨਜ਼ਰ-ਬੰਦੀ ਤੋਂ ਖੁਲ ਹੋ ਗਈ ਅਤੇ ਕੂਕਿਆਂ ਪਰ ਭੀ ਜ਼ਾਹਰਾ ਕੋਈ ਨਿਗਰਾਨੀ ਨਾ ਰਹੀ ਤਾਂ ਬਹੁਤ ਸਾਰਾ ਪਰਦਾ ਚੁੱਕਿਆ ਗਿਆ। ਆਮ ਸਿਖ ਇਨ੍ਹਾਂ ਨੂੰ ਮਨਮਤੀਏ ਤੇ ਇਨ੍ਹਾਂ ਦੀਆਂ ਕਈ ਗੱਲਾਂ ਨੂੰ ਧਰਮ-ਵਿਰੋਧੀ ਸਮਝਦੇ ਸਨ। ਇਸ ਦੇ ਨਾਲ ਹੀ ਕੂਕਿਆਂ ਦੀ ਕਬਰ-ਤੋੜ ਤੇ ਮੜੀ-ਢਾਹ ਲਹਿਰ ਜ਼ੋਰ ਫੜ ਗਈ ਜਿਸ ਨਾਲ ਆਮ ਜਨਤਾ ਵਿਚ ਭੀ ਇਨ੍ਹਾਂ ਦੇ ਵਿਰੁਧ ਘਿਰਣਾ ਪੈਦਾ ਹੋਣੀ ਸ਼ੁਰੂ ਹੋ ਗਈ ਤੇ ਹਮਦਰਦੀ ਘਟਦੀ ਗਈ।

ਇਸ ਵੇਲੇ ਭਾਈ ਰਾਮ ਸਿੰਘ ਦੇ ਕੁਝ ਕੁ ਸੂਬਿਆਂ ਨੇ ਇਨ੍ਹਾਂ ਨੂੰ ਵਾਹਿਗੁਰੂ ਦਾ ਅਵਤਾਰ ਅਤੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਬਰਾਬਰ ਦਾ ਆਖਣਾ ਸ਼ੁਰੂ ਕਰ ਦਿੱਤਾ ਤੇ ਇਹ ਤੁਕਾਂ ਖ਼ੁਲ੍ਹਮ ਖੁਲਾ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ।