ਪੰਨਾ:ਕੁਰਾਨ ਮਜੀਦ (1932).pdf/4

ਇਹ ਸਫ਼ਾ ਪ੍ਰਮਾਣਿਤ ਹੈ

ਪਾਰਾ ੧

ਸੂਰਤ ਬਕਰ 2


ਓਹਨਾਂ ਨੂੰ ਦੇ ਛਡਿਆ ਹੈ ਓਸ ਦੇ ਵਿਚੋਂ ( ਰੱਬ ਦੇ ਰਾਹ ਵਿਖੇ ਭੀ) ਖਰਚ ਕਰਦੇ॥ ੩॥ ਅਰ ( ਹੇ ਪਯੰਬਰ) ਜੇਹੜੀ ( ਪੁਸਤਕ) ਤੇਰੇ ਉੱਤੇ, ਉਤਰੀ ਅਥਵਾ ਜੋ ਤੇਰੇ ਥਾਂ ਪਹਿਲਾਂ ਉਤਰੀਆਂ ਓਹਨਾਂ ( ਸਭਨਾਂ) ਉੱਤੇ ਧਰਮ ਧਾਰਦੇ ਅਰ ਉਹ ਪ੍ਰਲੇ ਦਾ ਭੀ ਨਿਸਚਾ ਰਖਦੇ ਹਨ॥ ੪॥ ਇਹੋ ਆਦਮੀ ਅਪਣੇ ਪਰਵਰਦਿਗਾਰ ਦੇ ਸਰਲ ਮਾਰਗ ਉੱਤੇ ਹਨ ਅਰ ਏਹ ਈ ( ਅੰਤ ਦੇ ਦਿਨ) ਮਨੇਛਿਤ ਪਦਾਰਥ ਪਾਵਣਗੇ॥ ੫॥ ( ਹੇ ਪਯੰਬਰ) ਜਿਨਹਾਂ ਲੋਗਾਂ ਨੇ ( ਇਸਲਾਮ ਦੇ ਕਬੂਲਣ ਥੀਂ) ਨੰਨਾਕਾਰ ਕੀਤਾ। ਓਹਨਾਂ ਨੂੰ ( ਰੱਬ ਦੇ ਭਾਣੇ ਥਾਂ) ਸਭੈ ਕਰਨਾ ਕਿੰਬਾ ਨਾ ਸਭੈ ਕਰਨਾਂ ਇਕੋ ਜੈਸਾ ਹੀ ਹੈ ਓਹ ਤਾਂ ਈਮਾਨ ਲਿਆਵਣ ਵਾਲੇ ਹੈਂ ਈ ਨਹੀਂ ॥੬॥ ਉਨ੍ਹਾਂ ਦੇ ਰਿਦਿਆਂ ਉਤੇ ਚਪੁਨਾ ਅਰ ਉਨਹਾਂ ਦੇ ਕੰਨਾਂ ਉਤੇ ਅੱਲਾ ਨੇ ਮੋਹਰਾਂ ਲਗਾ ਦਿਤੀਆਂ ਹਨ ਅਰ ਉਨਹਾਂ ਦਿਆਂ ਨੇਤ੍ਰਾਂ ਉੱਤੇ ਪ੍ਰਦਾ ( ਪਇਆ ਹੋਇਆ) ਹੈ ਅਰ (†ਅੰਤ ਨੂੰ) ਓਹਨਾਂ ਨੂੰ ਬੜਾ ਕਸ਼ਟ (ਹੋਣਾ) ਹੈ॥੭॥ ਰੁਕੂਹ ੧॥

ਔਰ ਲੋਗਾਂ ਵਿਚੋਂ ਕਈਕ ਐਸੇ ਭੀ ਹੈਨ ਜੋ (ਮੂੰਹੋਂ ਤਾਂ) ਕਹਿੰਦੇ ਹਨ ਕਿ ਅਸੀਂ ਪਰਮੇਸ਼੍ਵਰ ਅਰ ਅੰਤਿਮ ਦਿਨ ਉਤੇ ਈਮਾਨ ਲਿਆ ਚੁਕੇ, ਹਾਲਾਂ ਓਹਨਾਂ ਲਿਆਂਦਾ ਨਹੀਂ॥੮॥ ਏਹ ਲੋਗ ( ਆਪਣੇ ਵਲੋਂ) ਅੱਲਾ ਨੂੰ ਅਰ ਉਨਹਾਂ ਲੋਗਾਂ ਨੂੰ ਜੋ ਈਮਾਨ ਲਿਆ ਚੁਕੇ ਹਨ ਠੱਗਦੇ ਹਨ ਅਰ ( ਵਾਸਤ੍ਵਿਕ) ਧੋਖਾ ਨਹੀਂ ਦੇਂਦੇ ਕਿੰਤੂ ਆਪਣੇ ਆਪ ਨੂੰ (ਦੇਂਦੇ ਹਨ) ਅਰ ( ਏਸ ਬਾਤ ਨੂੰ) ਨਹੀਂ ਜਾਣਦੇ॥੯॥ ਉਨ੍ਹਾਂ ਦੇ ਦਿਲਾਂ ਵਿਚ (ਅਨਾਦਿ ਕਾਲ ਦਾ ਹੀ ਕੁਫਰ ਰੂਪ) ਰੋਗ ਸੀ, ਹੁਣ ਅੱਲਾ ਨੇ ਉਨ੍ਹਾਂ ਦਾ ਰੋਗ (ਹੋਰ ਭੀ) ਵਧਾ ਦਿਤਾ ਹੈ ਅਰ ਉਨਹਾਂ ਨੂੰ ਓਹਨਾਂ ਦੇ ਝੂਠ ਬੋਲਣ ਦੀ ਸਜਾ ਵਿਚ ਅਸਹਿ ਦੁਖ (ਹੋਣਾ) ਹੈ॥੧੦ || ਅਰ ਜਦੋਂ ਓਹਨਾਂ ਨੂੰ ਕਹਿਆ ਜਾਂਦਾ ਹੈ ਕਿ ਦੇਸ ਵਿਚ ਉਪੱਦ੍ਰਵ ਨਾਂ ਖਿੰਡਾਓ (ਤਦੋਂ) ਕਹਿੰਦੇ ਹਨ ਕਿ ਅਸੀਂ ਤਾਂ (ਲੋਗਾਂ ਵਿਚ) ਮੇਲ ਜੋਲ ਕਰਾਵਣ ਵਾਲੇ ਹਾਂ ਹੋਰ ਬਸ॥੧੧॥ ਸੁਨੋ ਜੀ! ਏਵਾ ਲੋਗ ਫਸਾਦ ਦਾ ਮੂਲ ਹਨ ਪਰੰਤੂ ਸਮਝਦੇ ਨਹੀਂ॥੧੨॥ ਜਦੋਂ ਉਨ੍ਹਾਂ ਨੂੰ ਕਹਿਆ ਜਾਂਦਾ ਹੈ ਕਿ ਜਿਸ ਤਰ੍ਹਾਂ (ਹੋਰ) ਲੋਗ ਈਮਾਨ ਲਿਆ ਚੁੱਕੇ ਹਨ ਤੁਸੀ ਭੀ ਈਮਾਨ ਲੈ ਆਓ ਤਾਂ ਕਹਿੰਦੇ ਹਨ ਕਿ ਕੀ ਅਸੀਂ ਭੀ (ਓਸੇ ਤਰਹਾਂ) ਈਮਾਨ ਲੈ ਆਵੀਏ ਜਿਸ ਤਰਹਾਂ (ਹੋਰ) ਮੂਰਖ ਲਿਆ ਬੈਠੇ ਹਨ | ਸੁਣੋ ਜੀ! ਏਹੀ ਲੋਗ ਮੁਰਖ ਹਨ ਪਰੰਤੁ ਜਾਣਦੇ ਨਹੀਂ॥੧੩॥ ਜਦੋਂ ਉਨ੍ਹਾਂ ਲੋਗਾਂ ਨੂੰ ਮਿਲਦੇ ਹਨ ਜੋ ਈਮਾਨ ਲਿਆ ਚੁਕੇ ਹਨ।


†ਕਿਆਮਤ।

§ਈਰਖਾ ਹਠ ਧਰਮ ਕਰਨ ਕਰਕੇ।