ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/41

ਇਹ ਸਫ਼ਾ ਪ੍ਰਮਾਣਿਤ ਹੈ

ਇਹਦੇ ਵਸ ਨਾਹੀ ਹੋਈ ਰੱਬ ਵੱਲੋਂ,
ਤੂੰ ਤਾਂ ਹੋਈ ਨੂੰ ਬਖਸ਼ਣ ਯੋਗ ਰਾਜਾ।
ਦਿੱਤਾ ਇਕ ਚਾਵਲ ਇਹ ਚੱਖ ਮਾਤਾ,
ਜੋਧਾ ਪੁੱਤਰ ਤੁਸਾਂ ਘਰ ਹੋਗ ਰਾਜਾ।
ਕਾਦਰਯਾਰ ਪਰ ਉਸ ਦੀ ਮਾਉਂ ਵਾਂਗੂੰ,
ਸਾਰੀ ਉਮਰ ਦਾ ਹੋਸੀ ਵਿਯੋਗ ਰਾਜਾ।

ਪੂਰਨ ਦਾ ਮਾਂ ਇੱਛਰਾਂ ਨਾਲ ਮਿਲਾਪ

ਮੀਮ ਮਿਲਣ ਆਈ ਮਾਤਾ ਇੱਛਰਾਂ ਏ,
ਦੱਸੋ ਮੈਨੂੰ ਲੋਕੋ ਆਇਆ ਸਾਧ ਕੋਈ।
ਮੇਰੇ ਪੁੱਤਰ ਦਾ ਬਾਗ ਵੈਰਾਨ ਪਇਆ,
ਫੇਰ ਲਗਾ ਹੈ ਕਰਨ ਆਬਾਦ ਕੋਈ।
ਮੈਂ ਭੀ ਲੈ ਆਵਾਂ ਦਾਰੂ ਅੱਖੀਆਂ ਦਾ,
ਪੂਰਨ ਛੱਡ ਨਾ ਗਿਆ ਸੁਆਦ ਕੋਈ।
ਕਾਦਰਯਾਰ ਮੈਂ ਤਾਂ ਲੱਖ ਵੱਟਨੀ ਹਾਂ,
ਦਾਰੂ ਦੇਇ ਫ਼ਕੀਰ ਮੁਰਾਦ ਕੋਈ।

ਨੂਨ ਨਜ਼ਰ ਕੀਤੀ ਪੂਰਨ ਪਰਤ ਡਿੱਠਾ,
ਮਾਤਾ ਆਂਵਦੀ ਏ ਕਿਸੇ ਹਾਲ ਮੰਦੇ।
ਅਡੀ ਖੋੜਿਆਂ ਨਾਲ ਬਿਹੋਸ਼ ਹੋਈ,
ਉਹਨੂੰ ਨਜ਼ਰ ਨਾ ਆਂਵਦੇ ਖਾਰ ਕੰਡੇ।
ਪੂਰਨ ਵੇਖ ਕੇ ਸਹਿ ਨਾ ਸਕਿਆ ਈ,
ਰੋਏ ਉਠਿਆ ਹੋਇ ਹੈਰਾਨ ਬੰਦੇ।
ਕਾਦਰਯਾਰ ਮੀਆਂ ਅੱਗੋਂ ਉੱਠ ਪੂਰਨ,
ਦੇਖਾਂ ਕਿਸ ਤਰ੍ਹਾਂ ਮਾਉਂ ਦੇ ਦਰਦ ਵੰਡੇ।

ਵਾਉ ਵਰਤਿਆ ਕੀ ਤੇਰੇ ਨਾਲ ਮਾਤਾ,
ਪੂਰਨ ਆਖਦਾ ਦੱਸ ਖਾਂ ਸਾਰ ਮੈਨੂੰ।
ਤੇਰੇ ਰੋਂਦੇ ਨੇ ਨੈਣ ਬਿਸੀਰ ਹੋਏ,
ਨਜ਼ਰ ਆਂਵਦਾ ਏ ਅਜ਼ਾਰ ਮੈਨੂੰ।
ਮਾਤਾ ਆਖਦੀ ਦੁਖ ਨਾ ਫੋਲ ਬੇਟਾ,
ਪਿਆ ਪੁੱਤਰ ਬੈਰਾਗ ਗੁਬਾਰ ਮੈਨੂੰ।
ਕਾਦਰਯਾਰ ਬੁਰੇ ਦੁਖ ਪੁੱਤਰਾਂ ਦੇ,
ਗਿਆ ਦਰਦ ਵਿਛੋੜੇ ਦਾ ਮਾਰ ਮੈਨੂੰ।

39