ਪੰਨਾ:ਕਿੱਸਾ ਪੂਰਨ ਭਗਤ - ਚਰਨ ਪਪਰਾਲਵੀ.pdf/15

ਇਹ ਸਫ਼ਾ ਪ੍ਰਮਾਣਿਤ ਹੈ

ਹੱਥ ਬੰਨ੍ਹ ਕੇ ਸਾਹਮਣੇ ਖੜ੍ਹਾ ਹੁੰਦਾ,
ਮੱਥਾ ਟੇਕਣਾ ਹਾਂ ਮੇਰੀ ਧਰਮ ਮਾਇ।
ਅਗੋਂ ਦੇਵਣਾ ਉਸ ਪਿਆਰ ਸਾਈ,
ਸਗੋਂ ਦੇਖ ਰਾਣੀ ਮੱਥੇ ਵਟ ਪਾਇ।
ਕਾਦਰਯਾਰ ਖਲੋਇ ਕੇ ਦੇਖ ਅੱਖੀਂ,
ਚੜ੍ਹਿਆ ਕਹਿਰ ਚਰਿਤ੍ਰ ਜੋ ਵਰਤ ਜਾਇ।

ਤੋਇ ਤਾਲਿਆ ਮੇਰਿਆ ਘੇਰ ਆਂਦਾ,
ਲੂਣਾ ਆਪ ਦਲੀਲਾਂ ਦੇ ਫ਼ਿਕਰ ਬੰਨ੍ਹੇ।
ਮੈਂ ਵੀ ਸੁਰਗ ਪਰਾਪਤੀ ਥੀਵਨੀ ਹਾਂ,
ਪੂਰਨ ਭਗਤ ਜੇ ਆਖਿਆ ਇੱਕ ਮੰਨੇ।
ਲੱਗੀ ਦੇਣ ਲੰਗਾਰ ਅਸਮਾਨ ਤਾਈਂ,
ਉਹਦੀ ਸਾਬਤੀ ਦੇ ਵਿਚੋਂ ਥੰਮ੍ਹ ਭੰਨੇ।
ਕਾਦਰਯਾਰ ਤਰੀਮਤ ਹੈਂਸਿਆਰੀ,
ਭੰਨਣ ਲੂਣ ਲੱਗੀ ਵਿੱਚ ਥਾਲ ਛੰਨੇ।

ਪੂਰਨ ਤੇ ਲੂਣਾ ਦੀ ਗੱਲਬਾਤ

ਜ਼ੋਇ ਜ਼ਾਹਰਾ ਆਖਦੀ ਸ਼ਰਮ ਕੇਹੀ,
ਮਾਈ ਮਾਈ ਨਾ ਰਾਜਿਆ ਆਖ ਮੈਨੂੰ।
ਕੁਖੇ ਰੱਖ ਨਾ ਜੰਮਿਓ ਜਾਇਓ ਵੇ,
ਮਾਤਾ ਆਖਨਾ ਹੈਂ ਕੇਹੜੇ ਸਾਕ ਮੈਨੂੰ।
ਹੋਗੁ ਉਮਰ ਤੇਰੀ ਮੇਰੀ ਇੱਕ ਰਾਜਾ,
ਗੁੱਝਾ ਲਾਇਆ ਈ ਦਰਦ ਫ਼ਿਰਾਕ ਮੈਨੂੰ।
ਕਾਦਰਯਾਰ ਨਾ ਸੰਗਦੀ ਕਹੇ ਲੂਣਾ,
ਕਰ ਚੱਲਿਓ ਮਾਰ ਹਲਾਕ ਮੈਨੂੰ।

ਐਨ ਅਰਜ਼ ਕਰਦਾ ਸ਼ਰਮਾਇ ਰਾਜਾ,
ਮਾਇ ਸੁਖਨ ਅਵੱਲੜੇ ਬੋਲ ਨਾਹੀ।
ਮਾਵਾਂ ਪੁੱਤਰਾਂ ਨੇਹੁ ਨਾ ਕਦੇ ਲੱਗਾ,
ਜੱਗ ਵਿੱਚ ਮੁਕਾਲਖਾ ਘੋਲ ਨਾਹੀ।
ਸੀਨੇ ਨਾਲ ਲਗਾਇ ਕੇ ਰੱਖ ਮੈਨੂੰ,
ਪੁੱਤਰ ਜਾਣ ਮਾਏ ਦਿਲੋਂ ਡੋਲ ਨਾਹੀ।
ਕਾਦਰਯਾਰ ਮੀਆਂ ਦੋਵੇਂ ਝਗੜਦੇ ਨੀ,
ਸਾਈਂ ਬਾਝ ਦੂਜਾ ਕੋਈ ਕੋਲ ਨਾਹੀ।

13