ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/35

ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਰੋਂਦੇ ਰੋਂਦੇ ਰੋਇ ਗਏ,
ਇੱਕ ਹਸਿ ਹਸਿ ਲੈ ਗਏ ਗੋਇ ਮੈਦਾਨੋਂ।

ਛੋਡਿ ਤਕੱਬਰੀ ਪਕੜਿ ਹਲੀਮੀ,
ਕੀ ਵਟਿਓ ਇਸ ਖੁਦੀ ਗੁਮਾਨੋਂ।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਹੀ ਸਲਾਮਤਿ ਚਲੇ ਜਹਾਨੋਂ।

(48)



ਕੈ ਬਾਗ਼ੇ ਦੀ ਮੂਲੀ ਹੁਸੈਨਾ,
ਤੂੰ ਕੈ ਬਾਗ਼ੈ ਦੀ ਮੂਲੀ।
ਬਾਗਾਂ ਦੇ ਵਿਚਿ ਫੁਲਿ ਅਜਾਇਬ
ਤੂੰ ਬੀ ਇੱਕ ਗੰਧੂਲੀ।
 
ਆਪਣਾ ਆਪਿ ਪਛਾਣੇ ਨਾਹੀਂ,
ਅਵਰਾਂ ਦੇਖਿ ਕਿਉਂ ਭੂਲੀ।

ਇਸ਼ਕੇ ਦੇ ਦਰਿਆਉ ਕਰਾਹੀ,
ਮਨਸੂਰ ਕਬੂਲੀ ਸੂਲੀ।

ਸ਼ਾਹ ਹੁਸੈਨ ਪਇਆ ਦਰਿ ਉਤੇ,
ਜੇਕਿਰ ਪਵੈ ਕਬੂਲੀ।

ਪਾਠਾਂਤਰ (48)



ਹੁਸੈਨੂੰ ਕਿਸੇ ਬਾਗੇ ਦੀ ਮੂਲੀ,
ਬਾਗਾਂ ਦੇ ਵਿਚਿ ਚੰਬਾ ਮਰੂਆ,
ਮੈਂ ਭਿ ਵਿਚਿ ਗੰਧੂਲੀ।
ਕੂੜੀ ਦੁਨੀਆਂ ਕੂੜਾ ਮਾਣਾ,
ਦੁਨੀਆਂ ਫਿਰਦੀ ਭੂਲੀ।
ਛੋਡ ਤਕੱਬਰ ਪਕੜ ਹਲੀਮੀ,
ਸ਼ਾਹ ਹੁਸੈਨ ਪਾਇ ਸਮਝੂਲੀ।

33