ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/31

ਇਹ ਸਫ਼ਾ ਪ੍ਰਮਾਣਿਤ ਹੈ

ਲੋਕਾਂ ਸੁਣਿਆਂ, ਦੇਸਾਂ ਸੁਣਿਆਂ,
ਹੀਰ ਬੈਰਾਗਿਨ ਹੋਈ।
ਇਕੁ ਸੁਣੇਂਦਾ ਲੱਖ ਸੁਣੇ,
ਮੇਰਾ ਕਹਾਂ ਕਰੇਗਾ ਕੋਈ।

ਸਾਂਵਲ ਦੀ ਮੈਂ ਬਾਂਦੀ-ਬਰਦੀ,
ਸਾਂਵਲ ਮੈਂਹਡਾ ਸਾਈਂ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਸਾਈਂ ਸਿਕਦੀ ਨੂੰ ਦਰਸੁ ਦਿਖਾਈਂ।

(42)



ਸਾਰਾ ਜਗਿ ਜਾਣਦਾ,
ਸਾਈਂ ਤੇਰੇ ਮਿਲਣ ਦੀ ਆਸ ਵੋ।
ਮੇਰੇ ਮਨੁ ਮੁਰਾਦਿ ਏਹੋ ਸਾਈਆਂ,
ਸਦਾ ਰਹਾਂ ਤੇਰੇ ਪਾਸਿ ਵੋ।

ਦਰਸ਼ਨ ਦੇਹੁ ਦਇਆ ਕਰਿ ਮੋ-ਕਉ,
ਸਿਮਰਾਂ ਮੈਂ ਸਾਸ-ਗਰਾਸ ਵੋ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਤੂੰ ਸਾਹਿਬ ਮੈਂ ਦਾਸ ਵੋ।

(43)



ਸਾਲੂ ਸਹਿਜ ਹੰਢਾਇ ਲੈ ਨੀਂ,
ਤੂੰ ਸਾਲੂ ਸਹਿਜ ਹੰਢਾਇ ਲੈ ਨੀਂ।
ਸਾਲੂ ਮੇਰਾ ਕੀਮਤੀ,
ਕੋਈ ਦੇਖਣ ਆਈਆਂ ਤਰੀਮਤੀਂ,

ਗਈਆਂ ਸਭ ਸਲਾਹਿ।

ਸਾਲੂ ਪਾਇਆ ਟੰਙਣੇ,
ਗਵਾਂਢਣ ਆਈ ਮੰਗਣੇ,
ਦਿਤਾ ਕਹੀ ਨਾ ਜਾਹਿ।

29