ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/27

ਇਹ ਸਫ਼ਾ ਪ੍ਰਮਾਣਿਤ ਹੈ

ਜਿਸ ਗੱਲ ਨੂੰ ਸਹੁ ਭੇਜਿਆ ਈ ਵੋ,
ਸੋ ਮੈਂ ਬਾਤ ਵਿਸਾਰੀ।

ਕਹੇ ਹੁਸੈਨ ਫ਼ਕੀਰ ਨਿਮਾਣਾ,
ਛੁੱਟਾਂ ਕਰੇ ਸੱਤਾਰੀ।

(33)


ਸਭ ਵਲ ਛਾਡ ਕੇ ਤੂੰ ਇੱਕੋ ਵਲ ਹੋਇ।
ਵਲ ਵਲ ਦੇ ਵਿੱਚ ਕਈ ਵਲ ਪੈਂਦੇ,
ਇੱਕ ਦਿਨ ਦੇਸੀਂ ਰੋਇ।
ਔਖੀ ਘਾਟੀ, ਬਿਖੜਾ ਪੈਂਡਾ,
ਹੁਣ ਹੀ ਸਮਝਿ ਖਲੋਇ।
ਛੋੜ ਤਕੱਬਰ ਪਕੜਿ ਹਲੀਮੀ,
ਪਵੀਂ ਤਡਾਹੀਂ ਸੋਇ।
ਕੜਕਿਨ ਕਪੜ ਸਹੁ ਦਰਿਆਵਾਂ,
ਥੀਉ ਮੁਹਾਣਾ ਬੇੜੀ ਢੋਇ।
ਕਹੇ ਹੁਸੈਨ ਫ਼ਕੀਰ ਨਿਮਾਣਾ,
ਜੋ ਹੋਣੀ ਸੋ ਹੋਇ।

(34)


ਸਮਝ ਨਿਦਾਨੜੀਏ,
ਤੇਰਾ ਵੈਂਦਾ ਵਖਤੁ ਵਿਹਾਂਦਾ।

ਇਹਿ ਦੁਨੀਆਂ ਦੁਇ ਚਾਰਿ ਦਿਹਾੜਿ,
ਦੇਖਦਿਆਂ ਲਦ ਜਾਂਦਾ।

ਦਉਲਤਿ ਦੁਨੀਆਂ ਮਾਲੁ ਖਜ਼ੀਨਾ,
ਸੰਗਿ ਨਾ ਕੋਈ ਲੈ ਜਾਂਦਾ।

ਮਾਤ ਪਿਤਾ ਭਾਈ ਸੁਤ ਬਨਿਤਾ,
ਨਾਲ ਨਾ ਕੋਈ ਜਾਂਦਾ।

ਕਹੇ ਹੁਸੈਨ ਫ਼ਕੀਰ ਨਿਮਾਣਾ,
ਬਾਕੀ ਨਾਮੁ ਸਾਈਂ ਦਾ ਰਹੰਦਾ।

25