ਪੰਨਾ:ਕਾਫ਼ੀਆਂ ਸ਼ਾਹ ਹੁਸੈਨ - ਚਰਨ ਪਪਰਾਲਵੀ.pdf/26

ਇਹ ਸਫ਼ਾ ਪ੍ਰਮਾਣਿਤ ਹੈ

ਢੰਡ ਪੁਰਾਣੀ ਕੁੱਤਿਆਂ ਲੱਕੀ,
ਅਸੀਂ ਸਰਵਰ ਮਾਹਿ ਧੋਤਿਆਸੇ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਅਸੀਂ ਟਪਣ ਟਪ ਨਿਕਲਿਆਸੇ।

(30)


ਸੱਜਣਾ ਬੋਲਣ ਦੀ ਜਾਇ ਨਾਹੀਂ,
ਅੰਦਰ ਬਾਹਰ ਇੱਕਾ ਸਾਈਂ,
ਕਿਸਨੂੰ ਆਖ ਸੁਣਾਈਂ।
ਇੱਕੋ ਦਿਲਬਰ ਸਭ ਘਟਿ ਰਵਿਆ,
ਦੁਜਾ ਨਹੀਂ ਕਦਾਈਂ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਸਤਿਗੁਰੂ ਤੋਂ ਬਲਿ ਜਾਈਂ।

(31)


ਸਦਕੇ ਮੈਂ ਞੰਞਾ ਉਨ੍ਹਾਂ ਰਾਹਾਂ ਤੋਂ,
ਜਿਨਿ ਰਾਹੀਂ ਸੋ ਸ਼ਹੁ ਆਇਆ ਹੀ।

ਪੱਛੀ ਸਟ ਘੱਤਾਂ ਭਰੜਾਂਦੀ,
ਕੱਤਣਿ ਤੋਂ ਚਿਤਿ ਚਾਇਆ ਹੀ।

ਦਿਲ ਚਿਣਗ ਉੱਠੀ ਹੀਰੇ ਦੀ,
ਰਾਂਝਣ ਤਖਤਿ ਹਜ਼ਾਰਿਓਂ ਧਾਇਆ ਹੀ।

ਕਹੈ ਹੁਸੈਨ ਫ਼ਕੀਰ ਨਿਮਾਣਾ,
ਮਉਲੇ ਦੋਸਤਿ ਮਿਲਾਇਆ ਹੀ।

(32)


ਸਭ ਸਖੀਆਂ ਗੁਣਵੰਤੀਆਂ,
ਵੇ ਮੈਂ ਅਵਗੁਣਿਆਰੀ।

ਭੈ ਸਾਹਿਬ ਦੇ ਪਰਬਤ ਡਰਦੇ,
ਵੇ ਮੈਂ ਕਉਣ ਵਿਚਾਰੀ।

24