ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੁ ਰਹੁ ਵੇ ਇਸ਼ਕਾ ਮਾਰਿਆ ਈ

ਰਹੁ ਰਹੁ ਵੇ ਇਸ਼ਕਾ ਮਾਰਿਆ ਈ, ਕਹੁ ਕਿਸ ਨੂੰ ਪਾਰ ਉਤਾਰਿਆ ਈ। ਟੇਕ।
ਆਦਮ ਕਣਕੋਂ ਮਨ੍ਹਾਂ ਕਰਾਇਆ, ਆਪੇ ਮਗਰ ਸ਼ੈਤਾਨ ਦੁੜਾਇਆ।
ਕਢ ਬਹਿਸ਼ਤੋਂ ਜ਼ਮੀਨ ਰੁਲਾਇਆ, ਕੇਡ ਪਸਾਰ ਪਸਾਰਿਆ ਈ।
ਈਸਾ ਨੂੰ ਬਿਨ ਬਾਪ ਜੰਮਾਇਆ, ਨੂਹੇ ਪਰ ਤੁਫਾਨ ਮੰਗਾਇਆ।
ਨਾਲ ਪਿਓ ਦੇ ਪੁੱਤਰ ਲੜਾਇਆ, ਡੋਬ ਉਹਨਾਂ ਨੂੰ ਮਾਰਿਆ ਈ।
ਮੂਸਾ ਨੂੰ ਕੋਹ-ਤੂਰ ਚੜ੍ਹਾਇਓ, ਅਸਮਾਈਲ ਨੂੰ ਜ਼ਿਬ੍ਹਾ ਕਰਾਇਓ।
ਯੂਨਸ ਮੱਛੀ ਤੋਂ ਨਿਗਲਾਇਓ, ਕੀ ਉਹਨਾਂ ਨੂੰ ਰੁਤਬੇ ਚਾੜਿਆ ਈ।
ਖ਼ਵਾਬ ਜ਼ਲੈਖਾ ਨੂੰ ਦਿਖਲਾਇਓ, ਯੂਸਫ਼ ਖੂਹ ਦੇ ਵਿਚ ਪਵਾਇਓ।
ਭਾਈਆਂ ਨੂੰ ਇਲਜ਼ਾਮ ਦਿਵਾਇਓ, ਤਾਂ ਮਰਾਤਬ ਚੜ੍ਹਿਆ ਈ।
ਭੱਠ ਸੁਲੇਮਾਨ ਤੋਂ ਝੁਕਾਇਉ, ਇਬਰਾਹੀਮ ਚਿਖਾ ਵਿਚ ਪਾਇਓ।
ਸਾਬਰ ਦੇ ਤਨ ਕੀੜੇ ਪਾਇਉ, ਹਸਨ ਜ਼ਹਿਰ ਦੇ ਮਾਰਿਆ ਈ।
ਮਨਸੂਰ ਨੂੰ ਚਾ ਸੂਲੀ ਦਿੱਤਾ, ਰਾਹਬ ਦਾ ਕਢਵਾਇਓ ਪਿੱਤਾ।
ਜ਼ਕਰੀਆ ਸਿਰ ਕਲੱਵਤਰ ਦਿੱਤਾ, ਫੇਰ ਉਹਨਾਂ ਕੰਮ ਕੀ ਸਾਰਿਆ ਈ।
ਸ਼ਾਹ ਸਰਮਦ ਦਾ ਗਲਾ ਕਟਾਇਓ, ਸ਼ਮਸ ਤੇ ਜਾਂ ਸੁਖ਼ਨ ਅਲਾਇਓ।
ਕੁੰਮ-ਬ-ਇਜ਼ਨੀ ਆਪ ਕਹਾਇਓ, ਸਿਰ ਪੈਰੋਂ ਖੱਲ ਉਤਾਰਿਆ ਈ।
ਏਸ ਇਸ਼ਕ ਦੇ ਬੜੇ ਅਡੰਬਰ, ਇਸ਼ਕ ਨਾ ਛੁਪਦਾ ਬਾਹਰ ਅੰਦਰ।
ਇਸ਼ਕ ਕੀਤਾ ਸ਼ਾਹ ਸ਼ਰਫ ਕਲੰਦਰ, ਬਾਰਾਂ ਵਰ੍ਹੇ ਦਰਿਆ ਵਿਚ ਠਾਰਿਆ ਈ।
ਇਸ਼ਕ ਲੈਲਾ ਦੇ ਧੁੰਮਾਂ ਪਾਈਆਂ, ਤਾਂ ਮਜਨੂੰ ਨੇ ਅੱਖੀਆਂ ਲਾਈਆਂ।
ਉਹਨੂੰ ਧਾਰਾਂ ਇਸ਼ਕ ਚੁੰਘਾਈਆਂ, ਬੂਹੇ ਬਰਸ ਗੁਜ਼ਾਰਿਆ ਈ।
ਇਸ਼ਕ ਹੋਰੀਂ ਹੀਰ ਵੱਲ ਧਾਏ, ਤਾਂਹੀਏਂ ਰਾਂਝੇ ਕੰਨ ਪੜਵਾਏ।
ਸਾਹਿਬਾਂ ਨੂੰ ਜਦ ਵਿਆਹੁਣ ਆਏ, ਸਿਰ ਮਿਰਜ਼ੇ ਦਾ ਵਾਰਿਆ ਈ।
ਸੱਸੀ ਥਲਾਂ ਦੇ ਵਿਚ ਰੁਲਾਈ, ਸੋਹਣੀ ਕੱਚੇ ਘੜੇ ਰੁੜ੍ਹਾਈ।
ਰੋਡੇ ਪਿੱਛੇ ਗੱਲ ਗਵਾਈ, ਟੁਕੜੇ ਕਰ ਕਰ ਮਾਰਿਆ ਈ।
ਫੌਜਾਂ ਕਤਲ ਕਰਾਈਆਂ ਭਾਈਆਂ, ਮਸ਼ਕਾਂ ਚੂਹਿਆਂ ਤੋਂ ਕਟਵਾਈਆਂ।
ਡਿੱਠੀ ਕੁਦਰਤ ਤੇਰੀ ਸਾਈਆਂ, ਸਿਰ ਤੈਥੋਂ ਬਲਿਹਾਰਿਆ ਈ।

81