ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/72

ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਰਾਂਝਾ ਹੁਣ ਕੋਈ ਹੋਰ


ਅਰਸ਼-ਮੁਨੱਵਰ ਬਾਂਗਾਂ ਮਿਲੀਆਂ, ਤਾਂ ਸੁਣੀਆਂ ਤਖ਼ਤ ਲਾਹੌਰ।
ਇਸ਼ਕੇ ਮਾਰੇ ਐਵੇਂ ਫਿਰਦੇ, ਜਿਵੇਂ ਜੰਗਲ ਵਿਚ ਢੋੋਰ।
ਰਾਂਝਾ ਤਖ਼ਤ ਹਜ਼ਾਰੇ ਦਾ ਸਾਈਂ, ਹੁਣ ਓਥੋਂ ਹੋਇਆ ਚੋਰ।
ਬੁਲ੍ਹਾ ਸ਼ਾਹ ਅਸਾਂ ਮਰਨਾ ਨਾਹੀ, ਕਬਰ ਪਾਇ ਕੋਈ ਹੋਰ।
ਮੇਰਾ ਰਾਂਝਾ ਹੁਣ ਕੋਈ ਹੋਰ।

ਮੇਰੀ ਬੁੱਕਲ ਦੇ ਵਿਚ ਚੋਰ



ਮੇਰੀ ਬੁੱਕਲ ਦੇ ਵਿਚ ਚੋਰ, ਨੀ-ਮੇਰੀ ਬੁੱਕਲ ਦੇ ਵਿਚ ਚੋਰ। ਟੇਕ।
ਕੀਹਨੂੰ ਕੁਕ ਸੁਣਾਵਾਂ ਨੀ, ਮੇਰੀ ਬੁੱਕਲ ਦੇ ਵਿਚ ਚੋਰ।
ਚੋਰੀ ਚੋਰੀ ਨਿਕਲ ਗਿਆ। ਜਗ ਵਿਚ ਪੈ ਗਿਆ ਸ਼ੋਰ।
ਮੁਸਲਮਾਨ ਸੜਨੇ ਤੋਂ ਡਰਦੇ, ਹਿੰਦੂ ਡਰਦੇ ਗੋਰ।
ਦੋਵੇਂ ਏਸੇ ਦੇ ਵਿਚ ਮਰਦੇ, ਇਹੋ ਦੋਹਾਂ ਦੀ ਖੋਰ।
ਕਿਤੇ ਰਾਮਦਾਸ ਕਿਤੇ ਫਤਹਿ ਮੁਹੰਮਦ, ਇਹੋ ਕਦੀਮੀ ਸ਼ੋਰ।
ਮਿਟ ਗਿਆ ਦੋਹਾਂ ਦਾ ਝਗੜਾ, ਨਿਕਲ ਪਿਆ ਕੁਝ ਹੋਰ।
ਅਰਸ਼-ਮਨੱਵਰ ਬਾਗਾਂ ਮਿਲੀਆਂ, ਸੁਣੀਆਂ ਤਖ਼ਤ-ਲਾਹੌਰ।
ਸ਼ਾਹ ਅਨਾਇਤ ਕੁੰਡੀਆਂ ਪਾਈਆਂ, ਲੁੱਕ ਛੁੱਪ ਖਿੱਚਦਾ ਡੋਰ।
ਜਿਸ ਢੂੰਡਿਆ ਤਿਸ ਨੇ ਪਾਇਆ, ਨਾ ਝੂਰ ਝੂਰ ਹੋਯਾ ਮੋਰ।
ਪੀਰ-ਪੀਰਾਂ ਬਗ਼ਦਾਦ ਅਸਾਡਾ, ਮੁਰਸ਼ਦ ਤਖ਼ਤ ਲਾਹੌਰ।
ਇਹੋ ਤੁਸੀਂ ਵੀ ਆਖੋ ਸਾਰੇ, ਆਪ ਗੁੱਡੀ ਆਪ ਡੋਰ।
ਮੈਂ ਦੱਸਨਾਂ ਤੁਸੀਂ ਪਕੜ ਲਿਆਓ, ਬੁਲ੍ਹੇ ਸ਼ਾਹ ਦਾ ਚੋਰ।

70