ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/67

ਇਹ ਸਫ਼ਾ ਪ੍ਰਮਾਣਿਤ ਹੈ

ਬੁਲ੍ਹੇ ਨੂੰ ਸਮਝਾਵਣ ਆਈਆਂ


ਬੁਲ੍ਹੇ ਨੂੰ ਸਮਝਾਵਣ ਆਈਆਂ, ਭੈਣਾਂ ਤੇ ਭਰਜਾਈਆਂ। ਟੇਕ।
"ਮੰਨ ਲੈ ਬੁਲ੍ਹਿਆ ਕਹਿਣਾ ਸਾਡਾ, ਛੱਡ ਦੇ ਪੱਲਾ ਰਾਈਆਂ।
ਆਲ ਨਬੀ ਔਲਾਦ ਅਲੀ ਨੂੰ, ਤੂੰ ਕਿਉਂ ਲੀਕਾਂ ਲਾਈਆਂ।"
"ਜਿਹੜਾ ਸਾਨੂੰ ਸਯਦ ਸੱਦੇ, ਦੋਜ਼ਖ਼ ਮਿਲਣ ਜ਼ਾਈਆਂ।
ਜੋ ਕੋਈ ਸਾਨੂੰ ਰਾਈਂ ਆਖੇ, ਭਿਸ਼ਤੀ ਪੀਘਾਂ ਪਾਈਆਂ।"
ਰਾਈ ਸਾਈਂ ਸਭਨੀ ਥਾਈ, ਰੱਬ ਦੀਆਂ ਬੇਪਰਵਾਹੀਆਂ।
ਸੋਹਣੀਆਂ ਪਰੇ ਹਟਾਈਆਂ, ਤੇ ਕੋਝੀਆਂ ਲੈ ਗਲੇ ਲਾਈਆਂ।
ਜੇ ਤੂੰ ਲੋੜੀਂ ਬਾਗ਼ ਬਹਾਰਾਂ, ਚਾਕਰ ਹੋ ਜਾ ਰਾਈਆਂ।
ਬੁਲ੍ਹੇ ਸ਼ਾਹ ਦੀ ਜ਼ਾਤ ਕੀ ਪੁਛਣੈ, ਸ਼ਾਕਰ ਹੋ ਰਜ਼ਾਈਆਂ।

ਬੇਹੱਦ ਰਮਜ਼ਾਂ ਦੱਸਦਾ


ਬੇਹੱਦ ਰਮਜ਼ਾਂ ਦੱਸਦਾ ਨੀਂ ਢੋਲਣ ਮਾਹੀ,
ਮੀਮ ਦੇ ਓਹਲੇ ਵੱਸਦਾ ਨੀ ਢੋਲਣ ਮਾਹੀ। ਟੇਕ।
ਔਲੀਆ ਮਨਸੂਰ ਕਹਾਵੇ, ਰਮਜ਼ ਅਨਹੱਕ ਆਪ ਬਤਾਵੇ।
ਆਪੇ ਆਪ ਨੂੰ ਸੂਲੀ ਚੜ੍ਹਾਵੇ, ਤੇ ਕੋਲ ਖਲੋ ਕੇ ਹੱਸਦਾ ਨੀ।
ਬੇਹੱਦ ਰਮਜ਼ਾਂ ਦੱਸਦਾ ਨੀ ਢੋਲਣ ਮਾਹੀ ......

ਭਰਵਾਸਾ ਕੀ ਅਸ਼ਨਾਈ ਦਾ


ਭਰਵਾਸਾ ਕੀ ਅਸ਼ਨਾਈ ਦਾ, ਡਰ ਲਗਦਾ ਬੇਪਰਵਾਹੀ ਦਾ। ਟੇਕ।
ਇਬਰਾਹੀਮ ਚਿਖਾ ਵਿੱਚ ਪਾਇਉ, ਸੁਲੇਮਾਨ ਨੂੰ ਭੱਠ ਝੁਕਾਇਉ।
ਯੂਨਸ ਮੱਛੀ ਤੋਂ ਨਿਗਲਾਇਉ, ਫੜ ਯੂਸਫ਼ ਮਿਸਰ ਵਿਕਾਈਦਾ।

65