ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/52

ਇਹ ਸਫ਼ਾ ਪ੍ਰਮਾਣਿਤ ਹੈ

ਐਸੇ ਬਾਤਨ ਫਟੀ ਜ਼ੁਲੈਖਾ, ਮੈਂ ਬਾਤਨ ਬਰਲਾਈ।
ਆਖਣੀਆਂ ਸੀ ਆਖ ਸੁਣਾਈਆਂ, ਮਚਲਾ ਸੁਣਦਾ ਨਹੀਂ।
ਹੱਥ ਮਰੋੜਾਂ ਵਾਟਾਂ ਤਲੀਆਂ, ਰੋਵਾਂ ਢਾਹੀਂ ਢਾਹੀਂ।
ਲਹਿਣੇ ਥੀਂ ਮੁੜ ਦੇਣਾ ਆਇਆ, ਇਹ ਤੇਰੀ ਭਲਿਆਈ।
ਇਕ ਇਕ ਲਹਿਰ ਅਜਿਹੀ ਆਵੇ, ਨਹੀਂ ਦੱਸਣੀਆਂ ਸੋ ਦੱਸਾਂ।
ਸੱਚ ਆਖਾਂ ਤਾਂ ਸੂਲੀ ਫਾਹਾ, ਝੂਠ ਕਹਾਂ ਤਾਂ ਵੱਸਾਂ।
ਐਸੀ ਨਾਜ਼ਕ ਬਾਤ ਕਿਉਂ ਆਖਾਂ, ਕਹਿੰਦਿਆਂ ਹੋਵੇ ਪਰਾਈ।
ਵਹੀ ਵਸੀਲਾ ਪਾਕਾਂ ਦਾ, ਤੁਸੀਂ ਆਪੇ ਸਾਡੇ ਹੋਵੋ।
ਜਾਗਦਿਆਂ ਸੰਗ ਸਾਡੇ ਜਾਗੋ, ਸਵਾਂ ਤਾਂ ਨਾਲੇ ਸੋਵੋ।
ਜਿਸ ਨੇ ਤੋਂ ਸੰਗ ਪਰੀਤ ਲਗਾਈ, ਕਿਹੜੇ ਸੁੱਖ ਸੁਆਈ।
ਐਸੀਆਂ ਲੀਕਾਂ ਲਾਈਆਂ ਮੈਨੂੰ, ਹੋਰ ਕਈ ਘਰ ਗਾਲੇ।
ਉਪਰਵਾਰੋਂ ਪਾਵੇਂ ਝਾਤੀ, ਵੱਤੋਂ ਫਿਰੇਂ ਦੁਆਲੇ।
ਲੁਕਣ ਛਿਪਣ ਤੇ ਛਲ ਜਾਵਣ, ਇਹ ਤੇਰੀ ਵਡਿਆਈ।
ਤੇਰਾ ਮੇਰਾ ਨਿਆਉਂ ਨਬੇੜੇ ਰੂਮੋ ਕਾਜ਼ੀ ਆਵੇ।
ਖੋਲ੍ਹ ਕਿਤਾਬਾਂ ਕਰੇ ਤਸੱਲੀ, ਦੋਹਾਂ ਇਕ ਬਤਾਵੇ।
ਭਰਮਿਆਂ ਕਾਜ਼ੀ ਮੇਰੇ ਉੱਤੇ, ਮੈਂ ਕਾਜ਼ੀ ਭਰਮਾਈ।
ਬੁਲ੍ਹਾ ਸ਼ੌਹ ਤੂੰ ਕੇਹਾ ਜਿਹਾ, ਹੁਣ ਤੂੰ ਕਿਹਾ ਮੈਂ ਕਹੀ।
ਤੈਨੂੰ ਜੋ ਮੈਂ ਢੂੰਡਣ ਲੱਗੀ, ਮੈਂ ਭੀ ਆਪ ਨਾ ਰਹੀ।
ਪਾਇਆ ਜ਼ਾਹਰ ਬਾਤਨ ਤੈਨੂੰ, ਬਾਹਰ ਅੰਦਰ ਰੁਸ਼ਨਾਈ।

ਜੋ ਰੰਗ ਰੰਗਿਆ ਗੂੜ੍ਹਾ ਰੰਗਿਆ



ਜੋ ਰੰਗ ਰੰਗਿਆ ਗੂੜ੍ਹਾ ਰੰਗਿਆ, ਮੁਰਸ਼ਦ ਵਾਲੀ ਲਾਲ ਓ ਯਾਰ।
ਅਹਦ ਵਿਚੋਂ ਅਹਿਮਦ ਹੋਇਆ, ਵਿਚੋਂ ਮੀਮ ਨਿਕਾਲੀ ਓ ਯਾਰ।
ਦੂਰ ਮੁਆਨੀ ਦੀ ਧੂਮ ਮਚੀ ਹੈ, ਨੈਣਾਂ ਤੋਂ ਘੁੰਡ ਉਠਾਲੀ ਓ ਯਾਰ।
ਸੂਰਾਹ ਯਾਸੀਨ ਮੁਜ਼ਮਲ ਵਾਲਾ, ਬੱਦਲਾਂ ਗਰਜ ਸੰਭਾਲੀ ਓ ਯਾਰ।
ਜ਼ੁਲਫ਼ ਸਿਆਹ ਦੇ ਵਿਚ ਯਦ-ਬੈਜ਼ਾ, ਦੇ ਚਮਕਾਰ ਵਿਖਾਲੀ ਓ ਯਾਰ।

50