ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/51

ਇਹ ਸਫ਼ਾ ਪ੍ਰਮਾਣਿਤ ਹੈ

ਹਰ ਤਰਫ਼ ਦਸੇਂਦੇ ਮੌਲਾ ਹੈ, ਬੁਲ੍ਹਾ ਆਸ਼ਕ ਵੀ ਹੁਣ ਤਰਦਾ ਹੈ।
ਜਿਸ ਫਿਕਰ ਪੀਆ ਦੇ ਘਰ ਦਾ ਹੈ, ਰੱਬ ਮਿਲਦਾ ਵੇਖ ਉਧਰਦਾ ਹੈ।
ਮਨ ਅੰਦਰ ਹੋਇਆ ਝਾਤਾ ਹੈ, ਜਿਸ ਪਿਛੇ ਮਸਤ ਹੋ ਜਾਤਾ ਹੈ।

ਜਿੰਦ ਕੁੜਿਕੀ ਦੇ ਮੂੰਹ ਆਈ



ਜਿੰਦ ਕੁੜਿਕੀ ਦੇ ਮੂੰਹ ਆਈ। ਟੇਕ।
ਆਪੇ ਹੈ ਤੂੰ ਲਹਿਮਕ-ਲਹਿਮੀ, ਆਪੇ ਹੈਂ ਤੂੰ ਨਿਆਰਾ।
ਗੱਲਾਂ ਸੁਣ ਸੁਣ ਤੇਰੀਆਂ, ਮੇਰਾ ਅਕਲ ਗਿਆ ਉੱਡ ਸਾਰਾ।
ਸ਼ਰੀਅਤ ਤੋਂ ਬੇਸ਼ਰੀਅਤ ਕਰਕੇ, ਭਲੀ ਖੁੱਭਣ ਵਿਚ ਪਾਈ।
ਜੱਰਾ ਇਸ਼ਕ ਤੁਸਾਡਾ ਦਿਸਦਾ, ਪਰਬਤ ਕੋਲੋਂ ਭਾਰਾ।
ਇਕ ਘੜੀ ਦੇ ਵੇਖਣ ਕਾਰਨ, ਚੁੱਕ ਲਿਆ ਮੈਂ ਸਾਰਾ।
ਕੀਤੀ ਮਿਹਨਤ ਮਿਲਦੀ ਨਾਹੀਂ, ਹੁਣ ਕੀ ਕਰੇ ਲੁਕਾਈ।
ਵਾਵੇਲਾ ਕੀ ਕਰਨਾ ਜਿੰਦੇ, ਜੁ ਸਾੜੇ ਸੁ ਸਾੜੇ।
ਸੁੱਖਾਂ ਦਾ ਇਕ ਪੂਲਾ ਨਾਹੀਂ, ਦੁੱਖਾਂ ਦੇ ਖਲਵਾੜੇ।
ਹੋਣੀ ਸੀ ਜੁ ਉਸ ਦਿਨ ਹੋਈ, ਹੁਣ ਕੀ ਕਰੀਏ ਭਾਈ।
ਸੁਲਹਾ ਨਾ ਮੰਨਦਾ ਵਾਤ ਨਾ ਪੁੱਛਦਾ, ਆਖ ਵੇਖਾਂ ਕੀ ਕਰਦਾ।
ਕੱਲ ਮੈਂ ਕਮਲੀ ਤੇ ਉਹ ਕਮਲਾ, ਹੁਣ ਕਿਉਂ ਮੈਥੋਂ ਡਰਦਾ।
ਉਹਲੇ ਬਹਿ ਕੇ ਰਮਜ਼ ਚਲਾਈ, ਦਿਲ ਨੂੰ ਚੋਟ ਲਗਾਈ।
ਸੀਨੇ ਬਾਣ ਧਦਾਲਾਂ ਗਲ ਵਿਚ, ਇਸ ਹਾਲਤ ਵਿਚ ਜਾਲਾਂ।
ਚਾ ਚਾ ਸਿਰ ਭੋਏਂ ਤੇ ਮਾਰਾਂ, ਰੋ ਰੋ ਯਾਰ ਸੰਭਾਲਾਂ।
ਅੱਗੇ ਵੀ ਸਈਆਂ ਨੇਹੁ ਲਗਾਇਆ, ਕਿ ਮੈਂ ਹੀ ਪ੍ਰੀਤ ਲਗਾਈ।
ਜਗ ਵਿਚ ਰੌਸ਼ਨ ਨਾਮ ਤੁਸਾਡਾ, ਆਸ਼ਕ ਤੋਂ ਕਿਉਂ ਨੱਸਦੇ ਹੋ।
ਵੱਸੋ ਰੱਸੋ ਵਿੱਚ ਬੱਕਲ ਦੇ, ਆਪਣਾ ਭੇਤ ਨਾ ਦੱਸਦੇ ਹੋ।
ਅਧਕੜੇ ਵਿਚਕਾਰੋਂ ਫੜਕੇ, ਮੈਂ ਕਰ ਉਲਟੀ ਲਟਕਾਈ।
ਅੰਦਰ ਵਾਲਿਆਂ ਬਾਹਰ ਆਵੀਂ, ਬਾਹੋਂ ਪਕੜ ਖਲੋਵਾਂ।
ਜ਼ਾਹਰਾ ਮੈਥੋਂ ਲੁਕਣ ਛਿਪਣ, ਬਾਤਨ ਕੋਲੇ ਹੋਵਾਂ।

49