ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਸੁਖ਼ਨ ਅਵੱਲਾ ਬੋਲਿਆ, ਕਦੀ ਮੋੜ ਮੁਹਾਰਾਂ ਢੋਲਿਆ।
ਬੁਲ੍ਹਾ ਸ਼ਹੁ ਕਦੀ ਘਰ ਆਵ ਸੀ, ਮੇਰੀ ਬਲਦੀ ਭਾ ਬੁਝਾਵੀਸੀ।
ਜੀਹਦੇ ਦੁੱਖਾਂ ਨੇ ਮੂੰਹ ਖੋਲ੍ਹਿਆ, ਕਦੀ ਮੋੜ ਮੁਹਾਰਾਂ ਢੋਲਿਆ।


ਕਰ ਕੱਤਣ ਵੱਲ ਧਿਆਨ ਕੁੜੇ



ਕਰ ਕੱਤਣ ਵੱਲ ਧਿਆਨ ਕੁੜੇ। ਟੇਕ।
ਨਿਤ ਮੱਤੀਂ ਦੇਂਦੀ ਮਾਂ ਧੀਆ, ਕਿਉਂ ਫਿਰਨੀ ਏਂ ਐਵੇਂ ਆ ਧੀਆ।
ਨੀ ਸ਼ਰਮ ਹਯਾ ਨਾ ਗਵਾ ਧੀਆ, ਤੂੰ ਕਦੀ ਤਾਂ ਸਮਝ ਨਦਾਨ ਕੁੜੇ।
ਨਹੀਉਂ ਕਦਰ ਮਿਹਨਤ ਦਾ ਪਾਇਆ, ਜਦ ਹੋਇਆ ਕੰਮ ਅਸਾਨ ਕੁੜੇ।
ਚਰਖਾ ਮੁਫ਼ਤ ਤੇਰੇ ਹੱਥ ਆਇਆ, ਪੱਲਿਉਂ ਨਹੀਉਂ ਕੁਝ ਗਵਾਇਆ।
ਚਰਖਾ ਬਣਿਆ ਖ਼ਾਤਰ ਤੇਰੀ, ਖੇਡਣ ਦੀ ਕਰ ਹਿਰਸ ਥੁਰੇੜੀ।
ਹੋਣਾ ਨਹੀਉਂ ਹੋਰ ਵਡੇਰੀ, ਮਤ ਕਰ ਕੋਈ ਅਗਿਆਨ ਕੁੜੇ।
ਚਰਖਾ ਤੇਰਾ ਰੰਗ ਰੰਗੀਲਾ, ਰੀਸ ਕਰੇਂਦਾ ਸਭ ਕਬੀਲਾ।
ਚਲਦੇ ਚਾਰੇ ਕਰ ਲੈ ਹੀਲਾ, ਦੋ ਘਰ ਦੇ ਵਿਚ ਅਵਾਦਾਨ ਕੁੜੇ।
ਇਸ ਚਰਖੇ ਦੀ ਕੀਮਤ ਭਾਰੀ, ਤੂੰ ਕੀ ਜਾਣੇਂਂ ਕਦਰ ਵਗਾਰੀ।
ਉੱਚੀ ਨਜ਼ਰ ਫਿਰੇਂ ਹੰਕਾਰੀ, ਵਿਚ ਆਪਣੀ ਸ਼ਾਨ ਗੁਮਾਨ ਕੁੜੇ।
ਮੈਂ ਕੂਕਾਂ ਕਰ ਖਲੀਆਂ ਬਾਹੀਂ, ਨਾ ਹੋ ਗਾਫ਼ਲ ਸਮਝ ਕਦਾਈਂ।
ਐਸਾ ਚਰਖਾ ਘੜਨਾ ਨਾਹੀਂ, ਫੇਰ ਕਿਸੇ ਤਰਖਾਣ ਕੁੜੇ।
ਇਹ ਚਰਖਾ ਤੂੰ ਕਿਉਂ ਗਵਾਯਾ, ਕਿਉਂ ਤੂੰ ਖੇਹ ਦੇ ਵਿਚ ਰੁਲਾਯਾ।
ਜਦ ਦਾ ਹੱਥ ਤੇਰੇ ਇਹ ਆਯਾ, ਤੂੰ ਕਦੇ ਨਾ ਡਾਹਿਆ ਆਣ ਕੁੜੇ।
ਨਿੱਤ ਮੱਤੀਂ ਦਿਆਂ ਵਲੱਲੀ ਨੂੰ, ਇਸ ਭੋਲੀ ਕਮਲੀ ਝੱਲੀ ਨੂੰ।
ਜਦ ਪਵੇਗਾ ਵਖ਼ਤ ਇਕੱਲੀ ਨੂੰ, ਤਦ ਹਾਏ ਹਾਏ ਕਰਸੀ ਜਾਨ ਕੁੜੇ।
ਮਜ਼ਾਂ ਦੀ ਤੂੰ ਰਿਜ਼ਕ ਵਿਹੁਣੀ, ਗੋਹੜਿਓਂ ਨਾ ਤੂੰ ਕੱਤੀ ਪੂਣੀ।
ਹੁਣ ਕਿਉਂ ਫਿਰਨੀ ਏਂ ਨਿੰਮੋਝੂਣੀ, ਕਿਸ ਦਾ ਕਰੇਂ ਗੁਮਾਨ ਕੁੜੇ।
ਨਾ ਤੱਕਲਾ ਰਾਸ ਕਰਾਵੇਂ ਤੂੰ, ਨਾ ਬਾਇੜ ਮਾਲ੍ਹ ਪਵਾਵੇਂ ਤੂੰ।
ਘੜੀ ਮੁੜੀ ਕਿਉਂ ਚਰਖਾ ਚਾਵੇਂ ਤੂੰ, ਕਰਨੀ ਏਂ ਆਪਣਾ ਬਿਆਨ ਕੁੜੇ।

38