ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/30

ਇਹ ਸਫ਼ਾ ਪ੍ਰਮਾਣਿਤ ਹੈ

ਉਹਨਾਂ ਭਰੇ ਸੰਦੂਕ ਵਿਖਾਲੇ, ਮੈਨੂੰ ਰੀਝਾਂ ਆਈਆਂ।
ਵੇਖ ਲਾਲ ਸੁਹਾਨੇ ਸਾਰੇ, ਇਕ ਤੋਂ ਇਕ ਸਵਾਏ।
"ਭਾਈ ਵੇ ਲਾਲਾਂ ਵਾਲਿਆ ਵੀਰਾ, ਇਨ੍ਹਾਂ ਦਾ ਮੁੱਲ ਦਸਾਂਈ?"
"ਜੇ ਤੂੰ ਆਈ ਹੈਂ ਲਾਲ ਖ਼ਰੀਦਣ, ਧੜ ਤੋਂ ਸੀਸ ਲੁਹਾਈਂ।”
ਡੱਮ੍ਹ ਕਦੀ ਸੂਈ ਦਾ ਨਾ ਸਹਿਆ, ਸਿਰ ਕਿੱਥੋਂ ਦਿਤਾ ਜਾਈ।
ਨਦਾਮੀ ਹੋ ਕੇ ਮੁੜ ਘਰ ਆਈ, ਪੁੱਛਣ ਗਵਾਂਢੀ ਆਏ।"
ਤੂੰ ਜੁ ਗਈ ਸੈਂ ਲਾਲ ਖ਼ਰੀਦਣ, ਉੱਚੀ ਅੱਡੀ ਚਾਈ ਨੀ।
ਕਿਹੜੀ ਮੁਹਰ ਓਥੋਂ ਰੰਨੇ ਤੂੰ, ਲੈ ਕੇ ਘਰ ਆਈ ਨੀ।”
“ਲਾਲ ਸੀ ਭਾਰੇ ਮੈਂ ਸਾਂ ਹਲਕੀ ਖ਼ਾਲੀ ਕੰਨੀ ਸਾਈ ਨੀ।"
ਭਾਰਾ ਲਾਲ ਅਨਮੁੱਲਾ ਓਥੋਂ, ਮੈਥੇਂ ਚੁੱਕਿਆ ਨਾ ਜਾਏ।"
ਕੱਚੀ ਕੱਚ ਵਿਹਾਜਣ ਜਾਣਾ, ਲਾਲ ਵਿਹਾਜਣ ਚੱਲੀ।
ਪੱਲੇ ਖ਼ਰਚ ਨਾ ਸਾਖ ਨਾ ਕਾਈ, ਹੱਥੋਂ ਹਾਰਨ ਚੱਲੀ।
ਮੈਂ ਮੋਟੀ ਮੁਸ਼ਟੰਡੀ ਦਿੱਸਾਂ, ਲਾਲ ਨੂੰ ਚਾਰਨ ਚੱਲੀ।
ਜਿਸ ਸ਼ਾਹ ਨੇ ਮੁੱਲ ਲੈ ਕੇ ਦੇਣਾ, ਸੋ ਸ਼ਾਹ ਮੂੰਹ ਨਾ ਲਾਏ।
0ਗਲੀਆਂ ਦੇ ਵਿਚ ਫਿਰੇਂ ਦੀਵਾਨੀ, ਨੀ ਕੂੜੀਏ ਮੁਟਿਆਰੇ।
ਲਾਲ ਚੁਗੇਂਦੀ ਨਾਜ਼ਕ ਹੋਈ, ਇਹ ਗੱਲ ਕੌਣ ਨਿਤਾਰੇ।
ਜਾਂ ਮੈਂ ਮੁੱਲ ਉਨ੍ਹਾਂ ਨੂੰ ਪੁੱਛਿਆ, ਮੁੱਲ ਕਰਨ ਉਹ ਭਾਰੇ।
ਡੱਮ੍ਹ ਸੂਈ ਦਾ ਕਦੇ ਨਾ ਖਾਧਾ, ਉਹ ਆਖਣ ਸਿਰ ਵਾਰੇ।
ਜਿਹੜੀਆਂ ਗਈਆਂ ਲਾਲ ਵਿਹਾਜਣ ਉਹਨਾਂ ਸੀਸ ਲੁਹਾਏ।
ਸੇ ਵਣਜਾਰੇ ਆਏ ਨੀ ਮਾਏ, ਸੇ ਵਣਜਾਰੇ ਆਏ।


ਹਜਾਬ ਕਰੇਂ ਦਰਵੇਸ਼ੀ ਕੋਲੋਂ


ਹਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ।
ਗਲ ਅਲਫ਼ੀ ਸਿਰ ਪਾ ਬਰਹਨਾ, ਭਲਕੇ ਰੂਪ ਵਟਾਵੇਂਗਾ।
ਇਸ ਲਾਲਚ ਨਫ਼ਸਾਨੀ ਕੋਲੋਂ, ਓੜਕ ਮੂਨ ਮਨਾਵੇਂਗਾ।
ਘਾਟ ਜ਼ਕਾਤ ਮੰਗਣਗੇ ਪਿਆਦੇ, ਕਹੁ ਕੀ ਅਮਲ ਵਿਖਾਵੇਂਗਾ।

28