ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/28

ਇਹ ਸਫ਼ਾ ਪ੍ਰਮਾਣਿਤ ਹੈ

ਨਾਲੇ ਗੀਤ ਸੱਜਣ ਦਾ ਗਾਓ, ਤੁਸੀਂ ਰਲ ਮਿਲ ਨਾਮ ਧਿਆਉ।
ਬੁਲ੍ਹਾ ਬਾਤ ਅਨੋਖੀ ਏਹਾ, ਨੱਚਣ ਲੱਗੀ ਤਾਂ ਘੁੰਗਟ ਕੇਹਾ।
ਤੁਸੀਂ ਪਰਦਾ ਅੱਖੀ ਥੀਂਂ ਲਾਹੋ, ਤੁਸੀਂ ਰਲ ਮਿਲ ਨਾਮ ਧਿਆਉ।


ਸਾਡੇ ਵਲ ਮੁੱਖੜਾ ਮੋੜ


ਸਾਡੇ ਵਲ ਮੁੱਖੜਾ ਮੋੜ ਵੇ ਪਿਆਰਿਆ, ਸਾਡੇ ਵੱਲ ਮੁੱਖੜਾ ਮੋੜ। ਟੇਕ।
ਆਪੇ ਪਾਈਆਂ ਕੁੰਡੀਆਂ ਤੈੈਂਂ, ਤੇ ਆਪ ਖਿੱਚਦਾ ਹੈਂ ਡੋਰ।
ਸਾਡੇ ਵਲ ਮੁੱਖੜਾ ਮੋੜ ਵੇ ਪਿਆਰਿਆ, ਸਾਡੇ ਵਲ ਮੁੱਖੜਾ ਮੋੜ।
ਅਰਸ਼ ਕੁਰਸੀ ਤੇ ਬਾਂਗਾਂ ਮਿਲੀਆਂ, ਮੱਕੇ ਪੈ ਗਿਆ ਸ਼ੋਰ।
ਸਾਡੇ ਵਲ ਮੁੱਖੜਾ ਮੋੜ ਵੇ ਪਿਆਰਿਆ, ਸਾਡੇ ਵਲ ਮੁੱਖੜਾ ਮੋੜ।
ਬੁਲ੍ਹਾ ਸ਼ੌਹ ਅਸਾਂ ਮਰਨਾ ਨਾਹੀਂ, ਮਰ ਜਾਵੇ ਕੋਈ ਹੋਰ।
ਸਾਡੇ ਵਲ ਮੁੱਖੜਾ ਮੋੜ ਵੇ ਪਿਆਰਿਆ, ਸਾਡੇ ਵਲ ਮੁੱਖੜਾ ਮੋੜ।


ਸਾਨੂੰ ਆ ਮਿਲ ਯਾਰ ਪਿਆਰਿਆ


ਸਾਨੂੰ ਆ ਮਿਲ ਯਾਰ ਪਿਆਰਿਆ। ਟੇਕ।
ਦੂਰ ਦੂਰ ਅਸਾਥੋਂ ਗਿਉਂ, ਅਸਲਾਤੇ ਆ ਕੇ ਬਹਿ ਰਹਿਉਂ।
ਕੀ ਕਸਰ ਕਸੂਰ ਵਿਸਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਮੇਰਾ ਇਕ ਅਨੋਖਾ ਯਾਰ ਹੈ, ਮੇਰਾ ਉਸੇ ਨਾਲ ਪਿਆਰ ਹੈ।
ਕਦੇ ਸਮਝੇਂ ਵਡ ਪਰਵਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਜਦੋਂ ਆਪਣੀ ਆਪਣੀ ਪੈ ਗਈ, ਧੀ ਮਾਂ ਨੂੰ ਲੁੱਟ ਕੇ ਲੈ ਗਈ।
ਮੂੰਹ ਬਾਹਰਵੀਂ ਸਦੀ ਪਸਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਦਰ ਖੁੱਲ੍ਹਾ ਹਸਰ-ਅਜ਼ਾਬ ਦਾ ਬੁਰਾ ਹਾਲ ਹੋਇਆ ਪੰਜਾਬ ਦਾ।
ਡਰ ਹਾਵੀਏ ਦੋਜ਼ਖ ਮਾਰਿਆ, ਸਾਨੂੰ ਆ ਮਿਲ ਯਾਰ ਪਿਆਰਿਆ।
ਬੁਲ੍ਹਾ ਸ਼ੌਹ ਮੇਰੇ ਘਰ ਆਵਸੀ, ਮੇਰੀ ਬਲਦੀ ਭਾ ਬੁਝਾਵਸੀ।
ਅਨਾਇਤ ਦਮ ਦਮ ਨਾਲ ਚਿਤਾਰਿਆ, ਸਾਨੂੰ ਆ ਮਿਲ ....।

26