ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/25

ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਅਣਜਾਣੀ ਨੇਹੁੰ ਕੀ ਜਾਣਾ, ਜਾਣੇ ਸੁੱਘੜ ਸਿਆਣੀ।
ਏਸ ਮਾਹੀ ਦੇ ਸਦਕੇ ਜਾਵਾਂ, ਜਿਸ ਦਾ ਕੋਈ ਨਾ ਸਾਨੀ।
ਰੂਪ ਸਰੂਪ ਅਨੂਪ ਹੈ ਉਸਦਾ, ਸ਼ਾਲਾ ਜੁਆਨੀ ਮਾਣੇ।
ਹਿਜਰ ਤੇਰੇ ਨੇ ਝੱਲੀ ਕਰਕੇ, ਕਮਲੀ ਨਾਮ ਧਰਾਇਆ।
ਸੁਮਨ ਬੁਕਮੁਨ ਉਮਯੁਨ ਹੋ ਕੇ, ਆਪਣਾ ਵਕਤ ਲੰਘਾਇਆ।
ਕਰ ਹੁਣ ਨਜ਼ਰ ਕਰਮ ਦੀ ਸਾਈਆਂ, ਨ ਕਰ ਜ਼ੋਰ ਧਙਾਣੇ
ਹੱਸ ਬੁਲਾਉਣਾ ਤੇਰਾ ਜਾਨੀ, ਯਾਦ ਕਰਾਂ ਹਰ ਵੇਲੇ।
ਪੱਲ ਪੱਲ ਦੇ ਵਿਚ ਹਿਜਰ ਦੀ ਪੀੜੋਂ, ਇਸ਼ਕ ਮਰੇਂਦਾ ਧੇਲੇ।
ਰੋ ਰੋ ਯਾਦ ਕਰਾਂ ਦਿਨ ਰਾਤੀਂ, ਪਿਛਲੇ ਵਕਤ ਵਿਹਾਣੇ।
ਇਸ਼ਕ ਤੇਰਾ ਦਰਕਾਰ ਅਸਾਨੂੰ, ਹਰ ਵੇਲੇ ਹਰ ਹੀਲੇ।
ਪਾਕ ਰਸੂਲ ਮੁਹੰਮਦ ਸਰਵਰ, ਮੇਰੇ ਖ਼ਾਸ ਵਸੀਲੇ।
ਬੁਲ੍ਹੇ ਸ਼ਾਹ ਜੇ ਮਿਲੇ ਪਿਆਰਾ, ਲੱਖ ਕਰਾਂ ਸ਼ੁਕਰਾਨੇ।
ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਾਅਨੇ।


ਇਸ਼ਕ ਦੀ ਨਵੀਉਂ ਨਵੀਂ ਬਹਾਰ


ਇਸ਼ਕ ਦੀ ਨਵੀਉਂ ਨਵੀਂ ਬਹਾਰ।
ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਦ ਕੋਲੋਂ ਜੀਉੜਾ ਡਰਿਆ।
ਡੇਰੇ ਜਾ ਠਾਕਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜ਼ਾਰ।
ਜਾਂ ਮੈਂ ਰਮਜ਼ ਇਸ਼ਕ ਦੀ ਪਾਈ, ਮੈਨਾ ਤੋਤਾ ਮਾਰ ਗਵਾਈ।
ਅੰਦਰ ਬਾਹਰ ਹੋਈ ਸਫ਼ਾਈ, ਜਿੱਤ ਵਲ ਵੇਖਾਂ ਯਾਰੋ ਯਾਰ।
ਹੀਰ ਰਾਂਝੇ ਦੇ ਹੋ ਗਏ ਮੇਲੇ, ਭੁੱਲੀ ਹੀਰ ਢੂੰਡੇਂਦੀ ਬੇਲੇ।
ਰਾਂਝਾ ਯਾਰ ਬੁੱਕਲ ਵਿਚ ਖੇਲੇ, ਮੈਨੂੰ ਸੁੱਧ ਰਹੀ ਨਾ ਸਾਰ।
ਬੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ, ਸੱਜਦੇ ਕਰਦਿਆਂ ਘੱਸ ਗਏ ਮੱਥੇ।
ਨਾ ਰੱਬ ਤੀਰਥ ਨਾ ਰੱਬ ਮੱਕੇ, ਜਿਸ ਪਾਯਾ ਤਿਸ ਨੂਰ ਅਨਵਾਰ।
ਫੂਕ ਮੁਸੱਲਾ ਭੰਨ ਸੁੱਟ ਲੋਟਾ, ਨਾ ਫੜ ਤਸਬੀ ਕਾਸਾ ਸੋਟਾ।
ਆਸ਼ਕ ਕਹਿੰਦੇ ਦੇ ਦੇ ਹੋਕਾ, ਤਰਕ ਹਲਾਲੋਂ ਖਾਹ ਮੁਰਦਾਰ।

23