ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/14

ਇਹ ਸਫ਼ਾ ਪ੍ਰਮਾਣਿਤ ਹੈ

ਉਲਟੇ ਹੋਰ ਜ਼ਮਾਨੇ ਆਏ


ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਦ ਸੱਜਣ ਦੇ ਪਾਏ। ਟੇਕ।
ਕਾਂ ਲਗੜਾਂ ਨਫ਼ ਮਾਰਨ ਲੱਗੇ, ਚਿੜੀਆਂ ਜੁੱਰ ਢਾਏ।
ਘੋੜੇ ਚੁਗਣ ਅਰੂੜੀਆਂ ’ਤੇ, ਗੱਦੋਂ ਖਵੇਦ ਪਵਾਏ।
ਆਪਣਿਆਂ ਵਿਚ ਉਲਫ਼ਤ ਨਾਹੀਂ, ਕਿਆ ਚਾਚੇ ਕਿਆ ਤਾਏ।
ਪਿਉ ਪੁੱਤਰਾਂ ਇਤਫ਼ਾਕ ਨਾ ਲਾਈ, ਧੀਆਂ ਨਾਲ ਨਾ ਮਾਏ।
ਸੱਚਿਆਂ ਨਫ਼ ਪਏ ਮਿਲਦੇ ਧੱਕੇ, ਝੂਠੇ ਕੋਲ ਬਹਾਏ।
ਅਗਲੇ ਹੋ ਕੰਗਾਲੇ ਬੈਠੇ, ਪਿਛਲਿਆਂ ਫ਼ਰਸ਼ ਵਿਛਾਏ।
ਭੂਰੀਆਂ ਵਾਲੇ ਰਾਜੇ ਕੀਤੇ, ਰਾਜਿਆਂ ਭੀਖ ਮੰਗਾਏ।
ਬੁਲ੍ਹਿਆ ਹੁਕਮ ਹਜ਼ੂਰੋਂ ਆਇਆਂ, ਤਿਸ ਨੂੰ ਕੌਣ ਹਟਾਏ।
ਉਲਟੇ ਹੋਰ ਜ਼ਮਾਨੇ ਆਏ, ਤਾਂ ਮੈਂ ਭੇਦ ਸੱਜਣ ਦੇ ਪਾਏ।

ਅੱਖਾਂ ਵਿਚ ਦਿਲ ਜਾਨੀ ਪਿਆਰਿਆ


ਅੱਖਾਂ ਵਿਚ ਦਿਲ ਜਾਨੀ ਪਿਆਰਿਆ,
ਕੇਹਾ ਚੇਟਕ ਲਾਇਆ ਈ। ਟੇਕ।
ਮੈਂ ਤੇਰੇ ਵਿਚ ਜ਼ਰਾ ਨਾ ਜੁਦਾਈ,
ਸਾਥੋਂ ਆਪ ਛੁਪਾਇਆ ਈ।
ਮੱਝੀ ਆਈਆਂ ਰਾਂਝਾ ਨਾ ਆਇਆ,
ਬਿਰਹੋਂ ਫੂਕ ਡੁਲ੍ਹਾਇਆ ਈ।
ਮੈਂ ਨੇੜੇ ਮੈਨੂੰ ਦੂਰ ਕਿਉਂ ਦਿਸਣਾ ਏਂ,
ਸਾਥੋਂ ਆਪ ਛੁਪਾਇਆ ਈ।
ਵਿਚ ਮਿਸਰ ਦੇ ਵਾਂਗ ਜ਼ੁਲੈਖ਼ਾ,
ਘੁੰਘਟ ਖੋਲ੍ਹ ਰੁਲਾਇਆ ਈ।
ਸ਼ੋਹ ਬੁਲ੍ਹੇ ਦੇ ਸਿਰ ਪਰ ਬੁਰਕਾ
ਤੇਰੇ ਇਸ਼ਕ ਨਚਾਇਆ ਈ।

12