ਪੰਨਾ:ਕਾਫ਼ੀਆਂ ਬੁੱਲ੍ਹੇ ਸ਼ਾਹ - ਚਰਨ ਪਪਰਾਲਵੀ.pdf/130

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਬੀਆਂ ਦਾ ਸਰਦਾਰ
ਹੁਨ ਮੈਂ ਲਖਿਆ ਸੋਹਨਾਂ ਯਾਰ
ਜਿਸ ਦੇ ਹੁਸਨ ਦਾ ਗਰਮ ਬਾਜ਼ਾਰ

ਕੁਨ ਕਹਿਆ ਫੈਕੂਨ ਕਹਾਇਆ
ਬੇਚੂਨੀ ਸੇ ਚੂਨ ਬਨਾਇਆ
ਅਹਿਦ ਦੇ ਵਿਚ ਮੀਮ ਰਲਾਇਆ
ਤਾਂ ਕੀਤਾ ਏਡ ਪਸਾਰ
ਹੁਨ ਮੈਂ ਲਖਿਆ ਸੋਹਨਾਂ ਯਾਰ
ਜਿਸ ਦੇ ਹੁਸਨ ਦਾ ਗਰਮ ਬਾਜ਼ਾਰ

ਤਜੂੰ ਮਸੀਤ ਤਜੂੰ ਬੁਤਖਾਨਾ
ਬਰਤੀ ਰਹੂੰ ਨਾ ਰੋਜ਼ਹ ਜਾਨਾਂ
ਭੁੱਲ ਗਿਆ ਵਜੂ ਨਮਾਜ਼ ਦੋਗਾਨਾ
ਤੋਂ ਪਰ ਜਾਨ ਕਰਾਂ ਬਲਿਹਾਰ
ਹੁਨ ਮੈਂ ਲਖਿਆ ਸੋਹਨਾਂ ਯਾਰ
ਜਿਸ ਦੇ ਹੁਸਨ ਦਾ ਗਰਮ ਬਾਜ਼ਾਰ

ਪੀਰ ਪੈਗੰਬਰ ਉਸਦੇ ਬਰਦੇ
ਇੰਸ ਮਲਾਇਕ ਸਿਜਦਾ ਕਰਦੇ
ਸਰ ਕਦਮਾਂ ਦੇ ਉੱਤੇ ਧਰਦੇ
ਸਬ ਸੇ ਵੱਡੀ ਉਹ ਸਰਕਾਰ
ਹੁਨ ਮੈਂ ਲਖਿਆ ਸੋਹਨਾਂ ਯਾਰ
ਜਿਸਦੇ ਹੁਸਨ ਦਾ ਗਰਮ ਬਾਜ਼ਾਰ

ਜੇ ਕੋਈ ਉਸ ਨੂੰ ਲਖਨਾ ਚਾਹੇ
ਬਝ੍ਹ ਵਸੀਲੇ ਨਾ ਲਖਿਆ ਜਾਏ
ਬੁੱਲ੍ਹਾ ਅਨਾਇਤ ਭੇਤ ਬਤਾਏ
ਤਾਂ ਖੁੱਲ੍ਹੇ ਸਬ ਇਸਰਾਰ
ਹੁਨ ਮੈਂ ਲਖਿਆ ਸੋਹਨਾਂ ਯਾਰ
ਜਿਸਦੇ ਹੁਸਨ ਦਾ ਗਰਮ ਬਾਜਾਰ

128