ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਤਾਂ ਬਾਦਸ਼ਾਹ ਤਕ ਦਾ ਲਿਹਾਜ਼ ਨਹੀਂ, ਪਿਓ ਆਪਣੇ ਬਚਿਆਂ ਨੂੰ ਪਏ ਦੁਰਕਾਰਦੇ ਨੇ। ਗੱਲ ਕੀ ਕੋਈ ਕਿਸੇ ਦਾ ਨਹੀਂ, ਪਿਆਰ ਦੀ ਤਾਂ ਅੰਸ਼ ਨਹੀਂ ਰਹੀ। ਚੰਗਾ ਬੱਚੂ ਤੂੰ ਤਕੜਾ ਹੋਕੇ ਇਹ ਪਤਾ ਕਢ, ਤੇਰਾ ਇਸ ਵਿਚ ਕੁਝ ਨਹੀਂ ਵਿਗੜਦਾ——ਓਹੋ! ਵਿਚਾਰਾ ਹੀਰਾ ਜੀ ਨਿਰਦੋਸ਼ ਧਕਿਆ ਗਿਆ, ਉਸ ਦਾ ਕਸੂਰ——ਉਸ ਦੀ ਵਫਾਦਾਰੀ——ਪਰ ਜਮਾਨੇ ਨੂੰ ਈ ਕੋਈ ਵਾ ਵਗ ਗਈ ਏ।

[ਰਾਮ ਸਿੰਹੁ ਚਲਿਆ ਜਾਂਦਾ ਏ,

ਊਦੇ ਸਿੰਹੁ :——————ਕਿਆ ਖੂਬ! ਦੁਖ ਯਾਰੀਆਂ ਦੇ ਤੇ, ਝੋਰੇ ਤਾਰਿਆਂ ਤੇ ਗ੍ਰਹਿਣਾਂ ਦੇ, ਜਿਵੇਂ ਬਦਕਿਸਮਤੀ ਇਨ੍ਹਾਂ ਦੇ ਈ ਸਦਕੇ ਏ, ਕੁਦਰਤ ਦੇ ਸੁਭਾਵਕ ਕੰਮਾਂ ਨੂੰ ਕਹਿਰ ਦੀਆਂ ਨਿਸ਼ਾਨੀਆਂ ਸਮਝਦੇ ਨੇ,'ਇਹ ਬੋਦੀ ਵਾਲੇ ਦਾ ਈ ਅਸਰ ਏ' ਵਾਹ ਰੇ ਦੁਨੀਆਂ! ਸਹੇੜ ਆਪਣੀਆਂ ਕਰਨੀਆਂ ਦੇ, ਤੇ ਉਲਾਹਮੇਂ ਤਾਰਿਆਂ ਤੇ ਚੰਦਾਂ ਨੂੰ, ਜਿਵੇਂ ਚੋਰ ਉਚੱਕ, ਲੁੱਚੇ ਬਦਮਾਸ਼ ਇਨ੍ਹਾਂ ਦੇ ਸਦਕੇ ਈ ਨੇ; ਸ਼ੈਤਾਨੀ ਦੀ ਵੀ ਹਦ ਹੋ ਗਈ ਏ! ਇਕ ਤੇ ਮੇਮੋਠਗਣੇ ਬਣ ਅਨਰਥ ਕਰਨੇ ਤੇ ਫਿਰ ਅਨਰਥੋਂ ਜੰਮੇ ਦੁੱਖ ਨੂੰ ਰੱਬ ਦਾ ਕਹਿਰ ਆਖਣਾ, ਭਲਾ ਮੈਂ ਕੁਆਰੀ ਦੇ ਪੇਟੋਂ ਇਸੇ ਲਈ ਜੰਮਿਆਂ ਨਾ, ਜੋ ਮੇਰੇ ਪਿਓ ਨੇ ਮੇਰੀ ਮਾਂ ਨਾਲ ਉਸਦੇ ਕੁਆਰਪੁਣੇ ਵਿਚ ਹੀ ਪਿਆਰ ਪਾਇਆ ਤੇ ਜੇ ਮੇਰੇ ਜੰਮਣ ਦੀ ਥਿਤ ਵਾਰ ਨੂੰ ਭੈੜੇ ਲਗਨ ਕਰਕੇ ਦਸਿਆ ਜਾਏ ਤਾਂ ਥਿੱਤਾਂ ਵਾਰਾਂ ਦਾ ਕੀ ਕਸੂਰ?

੪੭.