ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/63

ਇਹ ਸਫ਼ਾ ਪ੍ਰਮਾਣਿਤ ਹੈ


ਹੱਸਿਆ ਹਾਂ ਮੈਂ ਖੇਡਿਆ ਹਾਂ

ਬਾਲਾਂ ਖਾਤਰ ਘੋੜਾ ਬਣਿਆਂ
ਪਾਣੀ ਧੁੱਪ ਹਵਾ ਵਿਚ ਘੁਲਿਆਂ ਧੰਨ ਧੰਨ ਹੋਇਆਂ
ਸੇਜ ਹੰਢਾਈ ਸੁਪਨੇ ਲਏ ਮੈਂ ਪਿਆਰ ਵੀ ਕੀਤਾ...
ਤੂੰ ਮਰਨਾ ਹੀ ਕਿਉਂ ਚਾਹੇਂ ਜਦ
ਚਾਰ ਚੁਫੇਰੇ ਜੀਵਨ ਦਾ ਹੈ ਜਸ਼ਨ ਹੋ ਰਿਹਾ!
ਹਰ ਛਿਣ ਕਿਧਰੇ
ਪੱਤਾ ਅੰਕੁਰ ਬੱਚਾ ਚਾਨਣ ਜਨਮ ਲੈ ਰਿਹਾ!"

ਮੈਂ ਕਹਿੰਦਾ ਹਾਂ
'ਤਿਲ ਤਿਲ ਮੇਰਾ ਜੀਣਾ - ਤਿਲ ਦੇ ਵਾਂਗ ਨਿਗੂਣਾ ਨਿੱਕਾ
ਇਸ ਲਈ ਆਪਣਾ ਮਰਨਾ ਵੱਡਾ ਕਰਨਾ ਚਾਹੁੰਦਾ
ਤੇਰੇ ਵਾਂਗੂੰ ਮਰਨਾ ਚਾਹੁੰਦਾ...
ਉਹ ਕਹਿੰਦਾ ਹੈ
"ਮੈਂ ਮਰਨ ਲਈ ਨਹੀਂ ਜੀਵਿਆ
ਮੈਂ ਤਾਂ ਅੰਤਮ ਸਾਹ ਤੀਕਰ ਪਲ ਪਲ ਜੀਂਦਾ ਸਾਂ


ਮੇਰੀ ਮੌਤ ਵੀ ਮੇਰੇ ਜੀਣ ਦਾ ਹਿੱਸਾ ਹੀ ਸੀ
ਮੇਰੇ ਲਈ ਇਹ ਹੱਸਣ ਜਿੰਨੀ ਕਵਿਤਾ ਜਿੰਨੀ
ਨੀਂਦਰ ਜਿੰਨੀ ਸਹਿਜ ਸੀ ਪਿਆਰੇ!
ਕੋਈ ਬੰਦਾ ਕਿਸੇ ਦੇ ਵਾਂਗੂੰ ਸੌਂ ਨਾ ਸਕਦਾ
ਤੇਰਾ ਸੌਣਾ ਮੇਰੀ ਨੀਂਦਰ 'ਚੋਂ ਨਹੀਂ ਆਉਣਾ
ਨਾ ਹੀ ਤੇਰਾ ਮਰਨਾ ਮੇਰੀ ਮੌਤ 'ਚੋਂ ਆਉਣਾ!"

ਮੈਂ ਕਹਿੰਦਾ ਹਾਂ
'ਤੂੰ ਮੈਨੂੰ ਚੰਗਾ ਲਗਦਾ ਹੈਂ'
ਏਸ ਲਈ ਮੈਂ ਤੇਰੇ ਵਰਗਾ ਹੋਣਾ ਚਾਹਾਂ'

ਉਹ ਆਖ਼ਦਾ
"ਕਿਸੇ ਜਿਹੀ ਵਸਤੂ ਪਾਉਣਾ ਜਾਂ ਕਿਸੇ ਜਿਹਾ ਹੋ ਜਾਣਾ
ਇੱਕੋ ਗੱਲ ਹੈ... ਇੱਕੋ ਲੋਭ,
ਏਸ ਲੋਭ ਨੇ ਓਸ ਬੀਜ ਨੂੰ ਮਾਰ ਮੁਕਾਉਣਾ
ਜਿਹੜਾ ਤੇਰੇ ਅੰਦਰ ਹੈ ਬੇਤਾਬ ਖਿੜਣ ਲਈ

(59)