ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/56

ਇਹ ਸਫ਼ਾ ਪ੍ਰਮਾਣਿਤ ਹੈ



ਸੂਖਮ ਅਤੇ ਵਿਰਾਟ

ਪਰਬਤ

ਉਸਰੇ ਕਿਣਕਾ ਕਿਣਕਾ
ਬੁੱਤ
ਘੜੀਂਦਾ ਛੈਣੀ ਛੈਣੀ
ਲੀਕ
ਉਪਜਦੀ ਬਿੰਦੂ ਬਿੰਦੂ
ਅਉਧ
ਬਿਨਸਦੀ ਸਾਹੀਂ ਸਾਹੀਂ

ਬੂੰਦ - ਸੋਮਾ ਸਾਗਰ ਦਾ
ਰੇਤ ਕਣੀ - ਮਾਂ ਘਰ ਦੀ
ਅਣੂ - ਪਿਤਾ ਸ੍ਰਿਸ਼ਟੀ ਦਾ

ਸੂਖਮ... ਪਹਿਲ ਸਰੂਪ


ਵਿਰਾਟ... ਸੂਖਮ ਦਾ ਹੀ ਰੂਪ

ਬੁੱਧ ਸਿਧਾਰਥ

ਲਭਦਾ ਦੁੱਖ ਦਾ ਹੱਲ ਸਿਧਾਰਥ

ਬੁੱਧ ਹੋ ਕੇ ਵੀ
ਦੁੱਖ ਤੋਂ ਮੁਕਤ ਨਾ ਹੋਵੇ

ਹੋਏ ਸਿਧਾਰਥ ਆਪਣਾ ਦੁੱਖ
ਬੁੱਧ ਹੋ ਜਾਵੇ ਸਭ ਦਾ ਦੁੱਖ

ਸਿਧਾਰਥ ਹੋਣ ਦਾ ਦੁੱਖ ਛੋਟਾ
ਪਰ ਦੁੱਖ ਅਸਹਿ
ਬੁੱਧ ਹੋਣ ਦਾ ਦੁੱਖ ਵੱਡਾ ਪਰ
ਝੱਲੇ ਜਾਣ ਦੀ ਸੱਤਿਆ ਨਾਲ ਲਿਆਵੇ

ਦੁੱਖ ਸਿਧਾਰਥ ਦੇ ਅੱਗੇ


ਬੁੱਧ ਦੁੱਖ ਦੇ ਪਿੱਛੇ ਪਿੱਛੇ...

(52)