ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਦੇ ਨਾ ਮਿਲਦੇ

ਰੋਜ਼ ਰਾਤ ਨੂੰ ਲੱਭਾਂ ਨੀਂਦਰ
ਨੇਰ੍ਹੇ ਚੁੱਪ ਉਡੀਕਾਂ
ਜਦ ਨੂੰ ਨੀਂਦਰ ਆਪਣੇ
ਕੰਮੋਂ ਕਾਰੋਂ ਵਿਹਲੀ ਹੋਵੇ
ਮੇਰੀਆਂ ਅੱਖਾਂ ਮੀਟੀਆਂ ਜਾਣ
ਅਸੀਂ ਕਦੇ ਨਾ ਮਿਲਦੇ...

ਦਿਨ ਚੜ੍ਹੇ
ਸਭ ਚਾਨਣ ਚਾਨਣ
ਚਾਨਣ ਸਦਕਾ ਸਭ ਕੁਝ ਦਿੱਸੇ
ਲੱਭਾਂ ਦੇਖਣ ਵਾਲੀ ਅੱਖ
ਸ਼ੀਸ਼ੇ ਟੋਲਾਂ ਪਾਣੀ ਟੋਲਾਂ ਲਭੇ ਅੱਖ ਪਰਛਾਵਾਂ
ਅੱਖ ਕਦੇ ਨਾ ਦਿੱਸੇ
ਮੈਂ ਤੇ ਅੱਖ ਇਕੱਠੇ ਪਰ ਨਾ ਮਿਲਦੇ...

ਸਿਖਰ ਦੁਪਹਿਰਾ
ਸੂਰਜ ਲੱਭਾਂ
ਸਿਰ ਚੁੱਕਾਂ ਅੱਖ ਮੀਟੀ ਜਾਵੇ
ਚੜ੍ਹਿਆ ਸੂਰਜ ਹੋਏ ਅਲੋਪ
ਮੈ ਸੂਰਜ ਨਾ ਮਿਲਦੇ...

ਸ਼ਾਮ ਪਵੇ
ਤੂੰ ਆਵੇਂ
ਚਾਰ ਚੁਫ਼ੇਰੇ ਪੱਸਰ ਜਾਵੇਂ
ਮੈਨੂੰ ਆਪਣਾ ਆਪਾ ਵਿਸਰੇ
ਮੈਂ ਨਾ ਰਹਿੰਦਾ
ਤੂੰ ਹੀ ਤੂੰ ਰਹਿ ਜਾਵੇਂ
ਆਪਾਂ
ਕਦੇ ਨਾ ਮਿਲਦੇ....

(31)