ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਇਆ

ਤੇਰੇ ਬਾਝੋਂ ਜੀਣ ਅਧੂਰਾ ਲਗਦਾ
ਤੂੰ ਆਉਂਦੀ ਤਾਂ ਅੱਧੀ ਰਾਤੇ ਚਾਨਣ ਹੁੰਦਾ
ਰੋਗ ਅਵੱਲਾ ਵੱਲ ਹੋ ਜਾਂਦਾ
ਚੁੱਪ ਬਨੇਰਾ ਬੋਲਣ ਲਗਦਾ

ਹੁਣ ਉਹ ਦਰਸ਼ਨ ਨਹੀਂ ਰਿਹਾ...

ਹੁਣ ਸਾਡੇ ਵਿਚਕਾਰ
ਰਿਹਾ ਨਹੀਂ ਉਹ ਫ਼ਾਸਲਾ
ਜਿਹੜਾ ਐਸੀ ਦ੍ਰਿਸ਼ਟੀ ਦੇਵੇ

ਹੁਣ ਹਾਂ ਅਸੀਂ ਇਕੱਠੇ
ਏਨੀ ਨੇੜੇ ਜਿਥੋਂ
ਪੜ੍ਹਣ ਦੀ ਕੋਸ਼ਿਸ਼ ਵਿੱਚ ਪੁਸਤਕ ਦਾ
ਅੱਖਰ ਅੱਖਰ ਧੁੰਦਲਾਅ ਜਾਵੇ
ਅੱਖ ਨਿਰੋਗੀ ਹੁੰਦਿਆਂ ਵੀ...

ਪਰਤ ਜਾਵਾਂ ਮੈਂ ਆਪਣੇ ਅੰਦਰ

ਤੂੰ ਵੀ ਮੁੜ ਜਾਏਂ ਆਪਣੇ ਅੰਦਰ
ਇਵੇਂ ਕੀਤਿਆਂ ਸ਼ਾਇਦ
ਪਰਤ ਹੀ ਆਵੇ
ਉਹੋ ਫ਼ਾਸਲਾ ਜਿਹੜਾ
ਓਹੀਓ ਦ੍ਰਿਸ਼ਟੀ ਮੋੜ ਲਿਆਵੇ

ਜੇ ਇਉਂ ਦਿਸਣਾ ਮਾਇਆ ਹੈ ਤਾਂ
ਮਾਇਆ ਨੂੰ ਹੀ ਜੀਅ ਲਈਏ

ਕਹਿੰਦੇ ਨੇ
ਭੇਤ ਮਾਇਆ ਦਾ ਖੁਲ੍ਹ ਜਾਵੇ ਜਦ
ਉਸਨੂੰ ਜੀਣਾ ਖੇਡ ਹੋ ਜਾਵੇ ਐਸੀ
ਜਿਸ ਵਿੱਚ
ਦੁੱਖ ਸੁੱਖ ਦੂਰ ਨੇੜ
ਨਾ ਰਹਿੰਦੀ...

(29)