ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/16

ਇਹ ਸਫ਼ਾ ਪ੍ਰਮਾਣਿਤ ਹੈ

ਆਪੇ ਕਵਿਤਾ

ਧਰਤੀ ਗਲ ਲੱਗਾ ਦਰਿਆ
ਬੈਠਾ ਸਹਿਜ ਪਹਾੜ
ਵਣ-ਤ੍ਰਿਣ ਖਿੜੀ
ਪੌਣ ਤੇ ਧੁੱਪ ਦੀ ਗਲਵਕੜੀ
ਚਾਦਰ ਤਾਣ ਪਿਆ ਆਕਾਸ਼
ਜਗਣ ਦੀ ਆਸ 'ਚ ਦੀਵਾ
ਉੱਗਦਾ ਬੱਚਾ
ਸੂਈ ਪਿੱਛੇ ਤੁਰਦਾ ਧਾਗਾ
ਨੱਕਿਓਂ ਮੁੜਿਆ ਪਾਣੀ
ਵਗਦੀ ਰਹੁ
ਪਿਘਲਦੀ ਧਾਤ
ਲੜਦਾ ਰੁੱਖ
ਟੋਲਦਾ ਹੱਥ ਅੰਗਾਂ ਨੂੰ
ਪੰਛੀ ਲੈਂਦਾ ਸਾਹ

ਸਾਰੇ ਕਰਦੇ ਕਵਿਤਾ...
ਸਾਰੇ ਆਪੇ ਕਵਿਤਾ...

ਇਉਂ ਕਰੀਏ

ਇਸ ਪਿੰਡ ਦੇ ਰੇਸ਼ੇ ਰੇਸ਼ੇ
ਉਤਰ ਜਾਣੀਏ
ਕਿਵੇਂ ਜਿਊਂਦਾ...
ਨੀਂਦ 'ਚ ਜਾਗ ਕੇ ਲੱਭੀਏ
ਸੁਪਨ-ਕੁੰਭ
ਕਿੱਥੇ ਲੁਕਦਾ...
ਰਿਸ਼ਮ 'ਚ ਘੁਲ ਕੇ ਤੱਕੀਏ
ਸੱਤ ਰੰਗ
ਚਾਨਣ ਕਿਵੇਂ ਸੰਭਾਲੇ...
ਵਿਚ ਖ਼ਲਾਅ ਦੇ ਗੁੰਮੀਏ
ਫ਼ੈਲ ਰਹੀ ਇਹ ਸ਼ਿਸ਼ਟੀ
ਕਿਸ ਵਿਚ ਫ਼ੈਲੇ...
ਟਿੰਡ ਕਲਮ ਦੀ ਫ਼ੜ ਕੇ
ਖੂਹ ਵਿੱਚ ਲਹੀਏ
ਸ਼ਬਦਾਂ ਦਾ ਘਰ ਜਾਣ
ਦਮ ਦਮ ਕਹੀਏ...

(12)