ਪੰਨਾ:ਏਸ ਜਨਮ ਨਾ ਜਨਮੇ - ਸੁਖਪਾਲ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਤਮ ਕਵਿਤਾ

ਇਹ ਕਵਿਤਾ ਹੈ ਅੰਤਮ
ਇਸਨੂੰ ਪੂਰਨ ਮਗਰੋਂ
ਵਿਦਾ ਹੋ ਜਾਣਾ

ਕੋਈ ਕਾਹਲ ਨਾ ਪੂਰਨ ਦੀ
ਨਾ ਚਿੰਤਾ ਅਗਲੀ ਰਚਨਾ ਦੀ
ਨਾ ਝੋਰਾ ਉਸ ਕਵਿਤਾ ਦਾ
ਜੋ ਰਹੀ ਅਧੂਰੀ

ਇਹ ਕਵਿਤਾ ਲਿਖਣੀ ਹੈ
ਆਪਣੀ ਗੋਦੀ ਬਹਿ ਕੇ
ਧਰਤੀ ਵਾਂਗ ਇਕਾਗਰ ਹੋ ਕੇ
ਪੌਣਾਂ ਵਾਂਗੂੰ ਬੇਪਰਵਾਹ
ਪਾਣੀ ਵਾਂਗੂੰ ਰੱਜ ਕੇ
ਅਗਨ ਵਾਂਗ ਸੁੱਧ ਹੋ ਕੇ

ਮੈਂ ਇਸ ਕਵਿਤਾ ਵਿੱਚ ਘੁਲ ਜਾਣਾ
ਪਿੰਛੇ ਕੁਝ ਨਾ ਛੱਡਣਾ

ਕੋਈ ਯਾਦ ਕਰੇ ਤਾਂ
ਮੈਂ ਨਹੀਂ
ਰਚਨਾ ਚੇਤੇ ਆਵੇ

ਇਸ ਤੋਂ ਪਿਛਲੀ ਕਵਿਤਾ ਵੀ
ਬਹੁੜੀ ਸੀ ਏਵੇਂ
ਕਾਗਦ ਕਾਨੀ ਮਿਹਰ ਵਸਾਵੇ
ਅਗਲੀ ਕਵਿਤਾ -
ਹਰ ਕਵਿਤਾ -
ਅੰਤਮ ਕਵਿਤਾ ਬਣ ਬਣ ਆਵੇ...

(96)