ਪੰਨਾ:ਏਸ਼ੀਆ ਦਾ ਚਾਨਣ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ-ਨਖ਼ਰਿਆਂ ਦਾ ਜਾਦੂ ਧੂੜ ਦਿਉ। ਇਸ ਬੀਬੇ ਮੁੰਡੇ ਨੂੰ ਸੁਹੱਪਣ ਦਾ ਕੀ ਪਤਾ ਹੈ, ਇਹ ਕੀ ਜਾਣਦਾ ਹੈ ਸਵਰਗ-ਭੁਲਾਣੀਆਂ ਅੱਖੀਆਂ ਨੂੰ ਤੇ ਦੂਖ ਨਿਵਾਰਨੇ ਬੁਲ੍ਹਾਂ ਨੂੰ? ਕੋਮਲ ਪਤਨੀਆਂ ਤੇ ਸੁਹਣੀਆਂ ਸਖੀਆਂ ਇਹਨੂੰ ਲੱਭ ਦਿਓ; ਜਿਹੜੀਆਂ ਸੋਚਾਂ ਤੁਸੀਂ ਜ਼ੰਜੀਰਾਂ ਨਾਲ ਨਹੀਂ ਜਕੜ ਸਕਦੇ, ਉਹ ਕੁੜੀ ਦੇ ਕੇਸਾਂ ਨਾਲ ਸੌਖੇ ਹੀ ਬੰਨੀਆਂ ਜਾ ਸਕਦੀਆਂ ਹਨ।"

ਤੇ ਸਭ ਨੇ ਇਹ ਠੀਕ ਜਾਤਾ। ਪਰ ਰਾਜੇ ਨੇ ਉੱਤਰ ਦਿੱਤਾ:"ਜੇ ਅਸਾਂ ਪਤਨੀਆਂ ਢੂੰਡੀਆਂ, ਕਈ ਵੇਰ ਪ੍ਰੇਮ ਕਿਸੇ ਹੋਰ ਅੱਖ ਨਾਲ ਚੁਣਦਾ ਹੈ; ਤੇ ਜੇ ਅਸੀ ਉਹਦੇ ਦੁਆਲੇ ਹੁਸਨ ਦਾ ਬਾਗ ਲਿਆ ਖਲ੍ਹਾਰਦੇ ਹਾਂ, ਤਾਕਿ ਉਹ ਮਨ-ਆਏ ਗ਼ੁੰਚੇ ਤੋੜ ਲਵੇ, ਉਹ ਮੁਸਕ੍ਰਾ ਛਡੇਗਾ, ਤੇ ਜਿਸ ਸਵਰਗ ਦਾ ਉਹ ਜਾਣੂ ਨਹੀਂ ਉਸ ਤੋਂ ਅੱਖ ਭੁਆ ਕੇ ਲੰਘ ਜਾਇਗਾ।" ਤਦ ਦੂਜੇ ਨੇ ਆਖਿਆ; "ਬਾਰਾਂ ਸਿੰਙਾ ਤੁਰਿਆ ਫਿਰਦਾ ਹੈ, ਪਰ ਓੜਕ ਹੋਣੀ ਦਾ ਤੀਰ ਆ ਕਾਲਜੇ ਟਿਕਦਾ ਹੈ; ਇਹਨੂੰ ਵੀ ਜੀਕਰ ਇਸ ਨਾਲੋਂ ਛੋਟਿਆਂ ਨੂੰ ਕੋਈ ਮੋਹ ਖੜੇਗਾ, ਕੋਈ ਮੁਖੜਾ ਸਵਰਗ ਜਾਪੇਗਾ, ਕੋਈ ਮੂਰਤ ਸੰਸਾਰ ਨੂੰ ਜਗਾਣ ਵਾਲੀ ਸੁਨਹਿਰੀ ਪ੍ਰਭਾਤ ਨਾਲੋਂ ਵੀ ਸੁਹਣੀ ਦਿੱਸੇਗੀ। ਏਉਂ ਕਰੋ, ਮੇਰੇ ਰਾਜਨ! ਇਕ ਮੇਲਾ ਜੋੜੋ ਜਿਥੇ ਨਗਰੀ ਦੀਆਂ ਸਭ ਕੁਮਾਰੀਆਂ ਜਵਾਨੀ ਤੇ ਸੁਹਜ ਵਿਚ ਇਕ ਤੋਂ ਇਕ ਚੜ੍ਹਦੀਆਂ ਲੱਭਣ। ਸ਼ਹਿਜ਼ਾਦਾ ਸੁਹਣੀਆਂ ਨੂੰ ਇਨਾਮ ਦੇਵੇ।

੨੨

Digitized by Panjab Digital Library / www.panjabdigilib.org