ਪੰਨਾ:ਏਸ਼ੀਆ ਦਾ ਚਾਨਣ.pdf/225

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕੀਕਰ ਉਹ ਮੋਹ ਤੇ ਮਾਇਆ ਦੇ ਜਾਲ ਤੋਂ ਬਚ ਸਕਦੇ ਹਨ,
ਕੀ ਖਾਣਾ ਤੇ ਕੀ ਪੀਣਾ ਚਾਹੀਦਾ ਹੈ, ਤੇ ਤਿੰਨ ਸਾਦੇ ਭਗਵੇ ਵਸਤਰ
ਰਖਣੇ, ਤੇ ਇਕ ਕਪੀਨ, ਖੱਪਰ ਤੇ ਕਰਮੰਡਲ।
ਏਸ ਤਰ੍ਹਾਂ ਉਹਨਾਂ ਨੇ ਸਾਡੇ ਸੰਗੵ ਦੀ ਪੱਕੀ ਨੀਂਹ ਰਖੀ
ਭਗਵੇਂ ਚੋਲੇ ਦਾ ਬੀਬਾ ਸੰਗੵ
ਜਿਹੜਾ ਅਜ ਦਿਨ ਤਕ ਦੁਨੀਆ ਦੀ ਸਹਾਇਤਾ ਲਈ ਕਾਇਮ ਹੈ।

ਉਸ ਸਾਰੀ ਰਾਤ ਭਗਵਾਨ ਕਾਨੂੰਨ ਦਾ ਉਪਦੇਸ਼ ਦੇਂਦੇ ਰਹੇ;
ਕਿਸੇ ਨੇ ਅੱਖ ਨਾ ਲਾਈ — ਕਿਉਂਕਿ ਸਰੋਤੇ
ਅਕੱਥ ਆਨੰਦ ਵਿਚ ਮਗਨ ਸਨ।
ਜਦੋਂ ਉਪਦੇਸ਼ ਮੁਕਿਆ ਤਾਂ ਰਾਜਾ ਤਖਤ ਉਤੇ ਖੜੋ ਗਿਆ,
ਤੇ ਨੰਗੇ ਪੈਰੀਂ ਆਪਣੇ ਪੁਤਰ ਦੇ ਸਨਮੁਖ ਝੁਕ ਗਿਆ,
ਚੋਲੇ ਦੀ ਕੰਨੀ ਚੁੰਮ ਕੇ ਆਖਣ ਲਗਾ, "ਓ ਪੁਤਰ!
ਮੈਨੂੰ ਵੀ ਪ੍ਰਵਾਨ ਕਰ ਲੈ, ਤੇਰੇ ਸੰਗੵ ਦਾ ਅਤਿ ਛੋਟਾ, ਨਾਚੀਜ਼।"
ਤੇ ਮਿੱਠੀ ਯਸ਼ੋਧਰਾਂ, ਹੁਣ ਪੂਰਨ ਸੁਖੀ, ਬੋਲੀ;
"ਰਾਹੁਲ ਨੂੰ ਦਿਓ, ਹੇ ਪਹੁਤੀ ਆਤਮਾ,
ਉਹਦੇ ਵਿਰਸੇ ਲਈ ਆਪਣੇ ਨਾਮ ਦੀ ਪਾਤਸ਼ਾਹੀ ਦਾ ਖ਼ਜ਼ਾਨਾ।"
ਏਸ ਤਰ੍ਹਾਂ ਉਹ ਤਿੰਨੇ,ਮਾਰਗ ਵਿਚ ਦਾਖ਼ਲ ਹੋਏ।
  + ++
ਇਹ ਉਹਦਾ ਅੰਤ ਹੈ ਜੋ ਮੈਂ ਲਿਖਣਾ ਸੀ,
ਮੈਂ ਭਗਵਾਨ ਨੂੰ ਪਿਆਰਦਾ ਹਾਂ, ਕਿਉਂਕਿ ਉਹ ਸਾਨੂੰ ਸਭ ਨੂੰ
ਪਿਆਰਦੇ ਸਨ।
ਮੈਂ ਥੋੜੵਾ ਹੀ ਜਾਣਦਾ ਸਾਂ, ਥੋੜੵਾ ਹੀ ਦਸ ਸਕਿਆ ਹਾਂ,
ਭਗਵਾਨ ਤੇ ਉਹਦੇ ਅਮਨ-ਮਾਰਗ ਨੂੰ ਮਸਾਂ ਛੁਹ ਹੀ ਸਕਿਆ ਹਾਂ।
ਏਸ ਦਿਨ ਤੋਂ ਉਪ੍ਰੰਤ ਪੰਜਤਾਲੀ ਵਰੵੇ, ਕਈਆਂ ਦੇਸਾਂ,
ਕਈਆਂ ਜ਼ਬਾਨਾਂ ਵਿਚ ਉਹਨਾਂ ਸਾਡੇ ਏਸ਼ੀਆ ਨੂੰ ਚਾਨਣ ਦਿਤਾ,

੧੯੯