ਪੰਨਾ:ਏਸ਼ੀਆ ਦਾ ਚਾਨਣ.pdf/216

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇੰਞ ਸ਼ੁਹਦੇ ਮੁਠੇ ਦਿਲ ਸੋਗੀ ਹੁੰਦੇ ਤੇ ਖਾਰੇ ਅੱਥਰੂ ਡੋਲੵਦੇ ਹਨ;
ਇੰਞ ਤਿ੍ਸ਼ਨਾਆਂ, ਸਾੜੇ, ਕੋ੍ਧ ਤੇ ਘਿ੍ਣਾਆਂ ਚਮਕਦੀਆਂ ਹਨ,
ਇੰਞ ਵਰੵੇ; ਲਹੂ-ਦਾਗੇ ਵਰੵਿਆਂ ਦੇ ਲਾਲ ਪੈਰਾਂ ਉਤੇ ਲੰਘੀ
ਜਾਂਦੇ ਹਨ।

ਏਸ ਤਰ੍ਹਾਂ ਜਿਥੇ ਅਨਾਜ ਉਗਣਾ ਚਾਹੀਦਾ ਸੀ,
ਓਥੇ ਵਰਾਣ-ਬੂਟੀ ਦੀਆਂ ਚੰਦਰੀਆਂ ਜੜ੍ਹਾਂ
ਤੇ ਵਿਹੁ-ਫੁਲ ਖਿੱਲਰ ਜਾਂਦੇ ਹਨ; ਤੇ ਚੰਗੇ ਬੀਜਾਂ ਨੂੰ
ਓਥੇ ਡਿਗਣ ਤੇ ਪੁੰਗਰਨ ਦੀ ਥਾਂ ਨਹੀਂ ਮਿਲਦੀ;

ਤੇ ਵਿਹੁ-ਕਟੋਰੀ ਨਾਲ ਗੁਟ ਹੋਈ ਆਤਮਾ ਤੁਰ ਜਾਂਦੀ ਹੈ,
ਤੇ ਹੋਰ ਪੀਣ ਦੀ ਤਿ੍ਹ ਨਾਲ ਕਮਲਾ ਹੋਇਆ ਕਰਮ ਮੁੜਦਾ ਹੈ
ਸੂਰਤੀ-ਮੋਹਿਆ ਮੈਲਾ ਆਪਾ ਫੇਰ ਅਰੰਭਿਆ ਜਾਂਦਾ ਹੈ,
ਤੇ ਨਵੇਂ ਧੋਖੇ ਖੱਟਦਾ ਹੈ:

ਤੀਸਰੀ ਸਚਿਆਈ ਸ਼ੋਕ-ਅੰਤ ਹੈ। ਇਹ ਅਮਨ ਹੈ;
ਜਿਊਣ ਦੀ ਲਾਲਸਾ ਤੇ ਖ਼ੁਦੀ ਤੇ ਮੋਹ ਨੂੰ ਜਿੱਤਣਾ ਹੈ,
ਛਾਤੀ ਵਿਚੋਂ ਕਾਮਨਾ ਦੀਆਂ ਡੂੰਘੀਆਂ ਜੜ੍ਹਾਂ ਨੂੰ ਪੁਟਣਾ ਹੈ,
ਅੰਦਰਲੀ ਖਿਚੋਤਾਣ ਨੂੰ ਮੱਠਾ ਕਰਨ ਲਈ;

ਪ੍ਰੇਮ ਲਈ ਸਦੀਵੀ ਸੁਹੱਪਣ ਨੂੰ ਘੁੱਟ ਕੇ ਫੜਨਾ,
ਸ਼ਾਨ ਲਈ ਆਪੇ ਦਾ ਸਵਾਮੀ ਬਣਨਾ,
ਖ਼ੁਸ਼ੀ ਲਈ ਦੇਵਤਿਆਂ ਨਾਲੋਂ ਵੀ ਉਚੇਰਾ ਜਿਊਣਾ,
ਤੇ ਅਮੁੱਕ ਦੌਲਤ ਲਈ ਪੱਕੇ ਖ਼ਜ਼ਾਨੇ ਜੋੜਨੇ

੧੯੦