ਪੰਨਾ:ਏਸ਼ੀਆ ਦਾ ਚਾਨਣ.pdf/102

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਧਾਰਥ ਨੇ ਆਪਣੀ ਰੋਂਦੀ ਪਤਨੀ ਵਲ ਤੱਕਿਆ। ‘‘ਤਸੱਲੀ ਰਖੋ, ਪਿ੍ਯ |" ਉਸ ਆਖਿਆ, "ਜੇ ਤਸੱਲੀ ਅਟੱਲ ਪ੍ਰੇਮ ਵਿਚ ਹੋਵੇ! ਕਿਉਂਕਿ ਭਾਵੇਂ ਤੇਰੇ ਸੁਪਨੇ ਹੋਣੀ ਦੇ ਪਰਛਾਵੇਂ ਹੋਣ, ਤੇ ਭਾਵੇਂ ਦੇਵਤੇ ਸਿੰਘਾਸਨਾਂ ਉਤੇ ਕੰਬਦੇ ਹੋਣ, ਤੇ ਭਾਵੇਂ ਦੁਨੀਆ ਨੂੰ ਕੋਈ ਵੱਡੀ ਸਹਾਇਤਾ ਲੱਭਣ ਵਾਲੀ ਹੋਵੇ, ਤਾਂ ਵੀ ਜੋ ਕੁਝ ਮੇਰੇ ਤੇਰੇ ਨਾਲ ਵਾਪਰੇਗਾ ਇਹ ਭਰੋਸਾ ਰਖੀਂ ਕਿ ਮੈਂ ਯਸ਼ੋਧਰਾਂ ਨੂੰ ਪਿਆਰ ਕਰਦਾ ਸਾਂ, ਤੇ

ਕਰਦਾ ਹਾਂ। ਤੂੰ ਜਾਣਦੀ ਏਂ ਕਿਵੇਂ ਪਿਛਲੇ ਮਹੀਨੀਂ ਮੈਂ ਸੋਚਦਾ ਰਿਹਾ ਹਾਂ, ਏਸ ਦੁਖੀ ਧਰਤੀ ਨੂੰ ਬਚਾਣ ਲਈ, ਜਿਹਨੂੰ ਮੈਂ ਵੇਖ ਚੁਕਾ ਹਾਂ, ਤੇ ਜਦੋਂ ਸਮਾ ਆਵੇਗਾ, ਜੋ ਹੋਣਾ ਹੈ ਸੋ ਹੋਵੇਗਾ। ਪਰ ਜੇ ਮੇਰੀ ਆਤਮਾ ਅਨ-ਪਛਾਣੀਆਂ ਆਤਮਾਂ ਲਈ ਤਾਂਘਦੀ ਹੈ, ਤੇ ਜੇ ਮੈਂ ਉਹਨਾਂ ਗ਼ਮਾਂ ਲਈ ਗ਼ਮਗੀਨ ਹਾਂ ਜੋ ਮੇਰੇ ਨਹੀਂ, ਸੋਚ, ਕੀਕਰ ਮੇਰੇ ਉੱਚੇ ਉਡਦੇ ਖ਼ਿਆਲ ਏਥੇ ਤੜਪਦੇ ਹੋਣਗੇ, ਇਨ੍ਹਾਂ ਸਾਰੀਆਂ ਜਿੰਦਾਂ ਲਈ ਜਿਹੜੀਆਂ ਮੇਰੀ ਨੂੰ ਮਿੱਠਾ ਕਰਦੀਆਂ

ਹਨ- ਸੋ ਪਿ੍ਯ! ਤੇਰੀ ਜਿੰਦ ਲਈ ਜਿਹੜੀ ਅਤਿ ਪਿਆਰੀ, ਅਤਿ ਕੋਮਲ,

ਅਤਿ ਚੰਗੀ ਤੇ ਅਤਿ ਨੇੜੇ ਹੈ। ਆਹ, ਤੂੰ ਜੋ ਮੇਰੇ ਬੱਚੇ ਦੀ ਮਾਤਾ ਹੈਂ! ਜਿਦੵਾ ਸਰੀਰ ਏਸ ਸੁੰਦਰ ਆਸ ਲਈ ਮੇਰੇ ਨਾਲ ਮਿਲਿਆ ਸੀ। ਜਦੋਂ ਮੇਰੀ ਆਤਮਾ ਬਹੁਤ ਭਟਕਦੀ ਹੈ, ਧਰਤ ਸਮੁੰਦਰਾਂ ਦਵਾਲੇ - ਮਨੁੱਖਾਂ ਲਈ ਇੰਞ ਤਰਸ ਨਾਲ ਭਰੀ ਜਿਵੇਂ ਦੂਰ ਉਡਦੀ ਘੁੱਗੀ ਆਪਣੇ ਆਲੵਣੇ ਵਿਚ ਬੈਠੇ ਜੋੜੇ ਲਈ ਹੁੰਦੀ ਹੈ - ਇਹ ਸਦਾ

ਘਰ ਤੇਰੇ ਵਲ, ਪ੍ਰਸੰਨ ਤੇ ਪ੍ਰੇਮ-ਮਚਲੇ ਫੰਗਾਂ ਨਾਲ ਮੁੜਦੀ ਹੈ।

੭੬