ਪੰਨਾ:ਏਸ਼ੀਆ ਦਾ ਚਾਨਣ.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਖਣ ਵਿਚ ਸੁਹਣਾ ਹੈ।’’ "ਹਾਂ: ਭਗਵਾਨ, ਸ਼ਹਿਜ਼ਾਦੀ ਬੋਲੀ: ਕੇਵਲ ਇਹਦੇ ਅੰਤ ਵਿਚ ਇਕ ਡਰਾਉਣੀ ਹਾਕ ਆਈ: "ਸਮਾਂ ਨੇੜੇ ਹੈ! ਸਮਾਂ ਨੇੜੇ ਹੈ!"ਇਸ ਉਪਤ ਤੀਜਾ ਸੁਪਨਾ ਆਇਆ, ਕਿ ਜਦੋਂ ਤੁਹਾਨੂੰ, ਮੇਰੇ ਮਿੱਠੇ ਸਵਾਮੀ, ਮੈਂ ਲੱਭਣ ਆਈ, ਕੀ ਵੇਖਾਂ, ਸਾਡੇ ਬਿਸਤੇ ਤੇ ਇਕ ਅਨਛੋਹਿਆ ਸਰਹਾਣਾ ਤੇ ਖਾਲੀ ਚੋਗਾ ਪਏ ਸਨ - ਤੁਸਾਡਾ ਨਿਸ਼ਾਨ ਕੋਈ ਨਾ!-ਹਾਇ ਤੁਹਾਡਾ ਨਿਸ਼ਾਨ ਕੋਈ ਨਾ! ਜਿਹੜੇ ਮੇਰੇ ਜੀਵਨ ਤੇ ਚਾਨਣ, ਮੇਰੇ ਰਾਜਨ ਤੇ ਮੇਰੀ ਦੁਨੀਆ ਹੋ! ਤੇ ਮੈਂ ਸੁਪਨੇ ਵਿਚ ਉਠ ਕੇ ਵੇਖਿਆ ਤੁਹਾਡੀ ਦਿਤੀ ਮੋਤੀ-ਪੇਟੀ,ਜਿਹੜੀ ਮੈਂ ਏਥੇ ਹਿਕੋ ਹੇਠ ਬੰਨਦੀ ਹਾਂ, ਵਢਦੇ ਨਾਗ ਵਿਚ ਵੱਟ ਗਈ; ਮੇਰੀ ਬਾਂਕ ਦੀਆਂ ਘੁੰਗਰਾਂ ਢੈ ਪਈਆਂ, ਮੇਰੇ, ਸ਼ਰਨ ਗਜਰੇ ਖੁਲ ਕੇ ਡਿਗ ਪਏ; ਮੇਰੇ ਕੇਸਾਂ ਵਿਚੋਂ ਚੰਬੇਲੀ ਕੁਮਲਾ ਗਈ, ਤੇ ਇਹ ਸਾਡਾ ਆਨੰਦ-ਪਲੰਘ ਧਰਤੀ ਵਿਚ ਧੱਸ ਗਿਆ, ਤੇ ਕਾਸੇ ਨੇ ਕਿਮਚੀ ਪਰਦੇ ਦੀਆਂ ਲੀਰਾਂ ਕਰ ਦਿੱਤੀਆਂ। ਫੇਰ ਦੂਰ ਸਾਰਿਓਂ ਚਿੱਟੇ ਬੈਲ ਦੀ ਆਵਾਜ਼ ਆਈ, ਤੇ ਦੁਰ ਸਾਰੇ ਲਾਲਾਂ-ਜੜਿਆ ਨਿਸ਼ਾਨ ਫਰਫਰਾਇਆ, ਤੇ ਮੁੜ ਉਹ ਡਰਾਵਨੀ ਹਾਕ ਉੱਠੀ: "ਸਮਾਂ ਆ ਗਿਆ ਹੈ।" ਪਰ ਉਸ ਹਾਕ ਨਾਲ - ਜਿਹੜੀ ਹੁਣ ਵੀ ਮੈਨੂੰ ਕੰਬਾ ਰਹੀ ਹੈ - ਮੈਂ ਉੱਠੀ। ਓਹ ਕੰਵਰ! ਇਹਨਾਂ ਝਾਤੀਆਂ ਦਾ ਕੀ ਭਾਵ ਛੁਟ ਮੇਰੀ ਮੌਤ - ਜਾਂ ਮੌਤੋਂ ਬੁਰਾ - ਕਿ ਤੁਸੀ ਮੈਨੂੰ ਛੱਡ ਦੇਵੋ, ਜਾਂ ਮੈਥੋਂ ਖੋਹੇ ਜਾਵੇ?

ਛਿਪਦੇ ਸੂਰਜ ਦੀ ਅੰਤਮ ਮੁਸਕਾਹਟ ਵਰਗੀ ਕੋਮਲ ਨਜ਼ਰ ਨਾਲ

੭੫