ਪੰਨਾ:ਏਕ ਬਾਰ ਕੀ ਬਾਤ ਹੈ - ਚਰਨ ਪੁਆਧੀ.pdf/7

ਇਹ ਸਫ਼ਾ ਪ੍ਰਮਾਣਿਤ ਹੈ

ਦੋ ਸ਼ਬਦ

ਸਾਹਿਤ ਵਿੱਚ ਹਰ ਵਿਧਾ ਦਾ ਆਪਣਾ ਮਹੱਤਵ ਹੁੰਦਾ ਹੈ। ਹਰ ਇਕ ਵੰਨਗੀ ਆਪੇ ਸੁਹਜ ਸੁਆਦ ਅਤੇ ਪ੍ਰਭਾਵ ਨਾਲ ਪਾਠਕ ਨੂੰ ਆਪਣੇ ਵੱਲ ਖਿੱਚਣ ਦੀ ਸਮਰੱਥਾ ਰੱਖਦੀ ਹੈ। ਬਾਲ-ਸਾਹਿਤ ਦੀਆਂ ਭਾਂਤ-ਸੁਭਾਂਤੀਆਂ ਵੰਨਗੀਆਂ ਵਿੱਚੋਂ 'ਕਾਵਿ ਕਹਾਣੀ' ਦੀ ਆਪਣੀ ਕੋਸ਼ਿਸ਼ ਵਜੋਂ ਬਾਲ ਪਾਠਕਾਂ ਨੂੰ ਕਵਿਤਾ ਅਤੇ ਕਹਾਣੀ ਦਾ ਦੂਹਰਾ ਰਸ ਦਿੰਦੀ ਹੈ। ਪੰਜਾਬੀ ਦੀਆਂ ਪ੍ਰਚੱਲਿਤ ਕਥਾ ਕਹਾਣੀਆਂ ਨੂੰ ਜਦੋਂ ਕਵਿਤਾ ਦੀ ਚਾਸ਼ਨੀ ਵਿੱਚ ਡੁਬੋ ਕੇ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਦਾ ਆਨੰਦ ਨਿਵੇਕਲਾ ਹੁੰਦਾ ਹੈ।
ਭਾਵੇਂ ਪੰਜਾਬੀ ਵਿੱਚ ਗਿਆਨੀ ਧਨਵੰਤ ਸਿੰਘ ਸੀਤਲ ਨੇ ਕਾਵਿ ਕਹਾਣੀ ਨੂੰ ਪ੍ਰਫੁੱਲਤ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਪਰੰਤੂ ਸਮੇਂ-ਸਮੇਂ ਤੇ ਵੱਖ-ਵੱਖ ਲਿਖਾਰੀਆਂ ਨੇ ਪੁਸਤਕਾਂ, ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਕਾਵਿ ਕਹਾਣੀ ਵਿਧਾ ਨੂੰ ਬਾਲ ਪਾਠਕਾਂ ਵਿੱਚ ਹਰਮਨ ਪਿਆਰਾ ਬਣਾਉਣ ਵਿੱਚ ਯਥਾਯੋਗ ਭੂਮਿਕਾ ਨਿਭਾਈ ਹੈ। ਇਸ ਵੰਨਗੀ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ ਜਦੋਂ ਇਹ ਪੰਜਾਬ ਦੀਆਂ ਵੱਖ-ਵੱਖ ਭਾਸ਼ਾਵਾਂ ਦੇ ਲਹਿਜੇ ਵਿੱਚ ਘੜੀ ਜਾਂਦੀ ਹੈ। ਇਸ ਪ੍ਰਸੰਗ ਵਿੱਚ ਬਾਲ ਸਾਹਿਤ ਲਿਖਾਰੀ ਚਰਨ ਪੁਆਧੀ ਦਾ ਕਾਰਜ ਜ਼ਿਕਰ ਦੀ ਮੰਗ ਕਰਦਾ ਹੈ, ਜਿਸ ਨੇ ਪੁਆਧੀ ਉਪ ਭਾਸ਼ਾ ਵਿੱਚ ਬੱਚਿਆਂ ਲਈ 33 ਕਾਵਿ-ਕਹਾਣੀਆਂ ਦੀ ਰਚਨਾ ਕੀਤੀ ਹੈ। ਇਹਨਾਂ ਕਾਵਿ-ਕਹਾਣੀਆਂ ਵਿੱਚ ਲਾਲਚੀ ਕੁੱਤਾ, ਛੇਰ ਅਰ ਚੂਹੀ, ਛੇਰ ਅਰ ਆਜੜੀ, ਬਰੌਂਟੇ ਕਾ ਪੇਡਾ, ਬੁਗਲਾ ਅਰ ਕੇਕੜਾ, ਛੇਰ ਅਰ ਖਰਗੋਸ਼, ਚਿੜੀ ਅਰ ਹਾਂਂਥੀ, ਬਾਣੀਆ ਅਰ ਛਾਹੂਕਾਰ, ਰਾਜਾ ਕਾ ਸਲਾਹਕਾਰ, ਸੂਰਜ ਹਬਾ ਕੀ ਲੜਾਈ, ਬਾਂਦਰ ਕਾ ਦਿਲ, ਮਤਬਲੀ ਯਾਰ ਅਤੇ ਏਕੇ ਮਾ ਬਾਲ ਆਦਿ ਕਹਾਣੀਆਂ ਨੂੰ ਕਾਵਿ-ਮਹਾਵਰੇ ਵਿੱਚ ਘੜਿਆ ਗਿਆ ਹੈ। ਇਹ ਕਹਾਣੀਆਂ ਦਾ ਮੂਲ ਆਧਾਰ ਸਾਡੇ ਪ੍ਰਚਲਿਤ ਕਥਾ ਸ੍ਰੋਤ ਪੰਚਤੰਤਰ ਅਤੇ ਈਸਪ ਦੀਆਂ ਕਹਾਣੀਆਂ ਅਤੇ ਲੋਕ ਕਹਾਣੀਆਂ ਹਨ। ਕਥਾ ਰੂਪ ਵਿੱਚ ਇਹ ਲਗਭਗ ਹਰ ਬੱਚੇ ਨੇ ਸੁਣੀਆਂ ਹਨ, ਪਰੰਤੂ ਚਰਨ ਪੁਆਧੀ ਨੇ ਇਹਨਾਂ ਕਥਾਵਾਂ ਵਿੱਚ ਕਵਿਤਾ ਦਾ ਅਜਿਹਾ ਮਿੱਠਾ ਰਸ ਘੋਲ਼ਿਆ ਹੈ ਕਿ ਇਹ ਹੋਰ ਵਧੇਰੇ ਦਿਲਚਸਪ ਹੋ ਗਈਆਂ ਹਨ। ਪੁਆਧੀ ਭਾਸ਼ਾ ਬੋਲਣ ਵਾਲੇ ਬੱਚਿਆਂ ਲਈ ਇਹ ਆਪਣੀ ਮੂਲ ਭਾਸ਼ਾ ਦੀਆਂ ਜਾਪਦੀਆਂ ਹਨ। ਚਰਨ ਨੇ ਹਰ ਕਹਾਣੀ ਦੀ ਸ਼ੁਰੂਆਤ ਬੜੇ ਦਿਲਚਸਪ ਢੰਗ ਨਾਲ ਕਰਦਿਆਂ ਇਸ ਦਾ ਅੰਤ ਇਸ ਢੰਗ ਨਾਲ ਕੀਤਾ ਹੈ ਬਾਲਕ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ ਕਿ ਬਿਨਾਂ ਸੋਚੇ ਸਮਝੇ ਕੋਈ ਅਜਿਹਾ ਕਾਰਜ ਨਹੀਂ ਕਰਨਾ ਚਾਹੀਦਾ

ਏਕ ਬਾਰ ਕੀ ਬਾਤ ਹੈ - 5