ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਸਨੂੰ ਸੁਣਾਉਣ ਲਈ ਫੁੱਲ ਵਾਲਿਊਮ ਦੀ ਆਵਾਜ਼ ਵੀ ਥੋੜੀ ਹੈ, ਤਾਂ ਦਫਤਰ ਵਿਚਲਾ ਕਲਰਕ ਉਸਦੀ ਗੱਲ ਕਿਵੇਂ ਸੁਣੇਗਾ ਜਿਹੜਾ ਆਪਣੇ ਆਪ ਨੂੰ ਰੱਬ ਨਾਲੋਂ ਵੀ ਉੱਚਾ ਸਮਝਦਾ ਹੈ।
ਰਣਪ੍ਰੀਤ ਨੇ ਜੇਬ ਵਿਚਲੇ ਡੇਢ ਸੌ ਰੁਪਿਆਂ ਨੂੰ ਟੋਹ ਕੇ ਦੇਖਿਆ ਜਿਹੜੇ ਉਹ ਕੰਮ ਕਰਵਾਉਣ ਵਈ ਦੁਬਾਰਾ ਲਿਆਇਆ ਹੈ। ਸੌ ਕੁ ਤਾਂ ਉਹ ਪਹਿਲਾਂ ਖਰਚ ਕਰ ਹੀ ਗਿਆ ਸੀ। ਹੋ ਸਕਦੈ ਉਹਨੂੰ ਹੁਣ ਨਾ ਖਰਚਣੇ ਪੈਣ ਤੇ ਉਹਨੂੰ ਦੇਖ ਕੇ ਕਹਿ ਦੇਣ "ਲੈ ਤੈਨੂੰ ਦੇਖ ਕੇ ਯਾਦ ਆਇਐ ... ਆਹ ਚੱਕ ਆਪਣਾ ਹਜ਼ਾਰ ਰੁਪੱਈਆ।"ਪਰ ਫੇਰ ਵੀ ਉਹ ਪ੍ਰਬੰਧ ਪੂਰਾ ਕਰਕੇ ਆਇਐ!...
ਦਫਤਰ ਵਿੱਚ ਰੱਬ ਬਣੇ ਬੈਠੇ ਕਲਰਕ ਦੁਮਤਲਬੇ ਵਾਕ ਬੋਲਦੇ ਆਮ ਸੁਣੇ ਜਾਂਦੇ ਹਨ "ਨੋਟ ਭੇਜ ਦੇਣੈ ਅੰਦਰ ... ਆਪਣੇ ਕੰਨੀਉਂ ਤਾਂ ਪੂਰੀ ਟਿੱਲ ਲਾਈ ਐ ... ਇਸ ਨੋਟ ਤੇ ਅਫਸਰ ਹਾਂ ਕਰ ਈ ਦਏਗਾ ... ਜੇ ਕੋਈ ਅੜਚਣ ਪਈ ... ਤਾਂ ਤੈਨੂੰ ਅੰਦਰ ਭੇਜ ਦਿਆਂਗੇ ...ਤੂੰ ਖੁਦ ਨੋਟ ਲੈ ਕੇ ਚਲਾ ਜਾਈਂ।" ਭਾਵੇਂ ਰਣਪ੍ਰੀਤ ਨੂੰ ਸ਼ੁਰੂ ਸ਼ੁਰੂ ਵਿੱਚ ਇਹ ਵਹਿਮ ਸੀ ਕਿ ਉਹ ਉਹਨਾਂ ਵਿਚੋਂ ਹੀ ਗਿਆ ਹੈ, ਉਹਨੂੰ ਸ਼ਾਇਦ ਨੋਟ ਲੈ ਕੇ ਅੰਦਰ ਨਾ ਜਾਣਾ ਪਵੇ। ਪਰ ਬਹਾਨੇ ਲਾ ਲਾ ਕੇ ਉਹਨੂੰ ਇਹ ਪੱਕੀ ਤਰ੍ਹਾਂ ਜ਼ਾਹਰ ਕਰ ਦਿੱਤਾ ਗਿਆ ਸੀ ਕਿ ਜਦੋਂ ਤੱਕ ਉਹ ਉਹਨਾਂ ਵਿੱਚ ਸੀ ਤਾਂ ਉਹਨਾਂ ਦਾ ਆਪਣਾ ਸੀ, ਹੁਣ ਤਾਂ ਉਹ ਵੀ ਪੱਕੀ ਆਸਾਮੀ ਸੀ। ਇਸੇ ਕਰਕੇ ਉਹ ਦੁਬਾਰਾ ਪ੍ਰਬੰਧ ਕਰਕੇ ਆਇਆ ਸੀ।
ਪਿਛਲੀ ਫੇਰੀ ਤੇ ਉਸਨੂੰ ਗੜਬੜ ਦੇ ਆਸਾਰ ਤਾਂ ਪਹਿਲਾਂ ਹੀ ਵਿਖਾਈ ਦਿੱਤੇ ਸਨ ਪਰ ਉਹਨੇ ਉਦੋਂ ਇਹ ਨਹੀਂ ਸੀ ਸੋਚਿਆ ਕਿ ਇਹ ਐਨੀ ਕੁ ਘਟਨਾ ਐਨਾ ਭਿਆਨਕ ਰੂਪ ਧਾਰ ਜਾਵੇਗੀ। ...
ਉਸਨੂੰ ਯਾਦ ਆਇਆ ਜਦੋਂ ਕੁਝ ਮੁੰਡੇ ਨੰਗੀਆਂ ਕਿਰਪਾਨਾਂ ਚੁੱਕੀ ਉਚੀ ਉਚੀ ਨਾਹਰੇ ਮਾਰ ਰਹੇ ਸਨ "ਲਾਊਡ ਸਪੀਕਰ ਬੰਦ ਕਰੋ।" ਉਹ ਸਾਰੀ ਸੜਕ ਰੋਕੀਂ ਤੁਰ ਰਹੇ ਸਨ। ਰਣਪ੍ਰੀਤ ਬਚਣ ਲਈ ਇੱਕ ਦੁਕਾਨ ਅੰਦਰ ਚਲਾ ਗਿਆ। ਉਹ ਅੱਗੇ ਵਧ ਰਹੇ ਸਨ। ਇੱਕ ਹਿੰਦੂ ਮੁੰਡਾ ਸਾਹਮਣਿਓਂ ਆ ਰਿਹਾ ਸੀ। ਉਸਨੂੰ ਅੱਗੇ ਜਾਣ ਲਈ ਰਾਤ ਨਹੀਂ ਸਨ ਦੇ ਰਹੇ। ਉਸਨੂੰ ਸ਼ਾਇਦ ਕਾਹਲ ਸੀ। ਪਿੱਛੇ ਮੁੜਨਾ ਉਸਨੂੰ ਮੁਸ਼ਕਿਲ ਜਾਪਦਾ ਸੀ।


ਤਲਵਾਰ ਦੀ ਨੋਕ ਉਸਦੇ ਢਿੱਡ 'ਤੇ ਟਿਕਾ ਦਿੱਤੀ ਸੀ। ‘ਚੱਲ ਹਿੰਦੂਆਂ ਦਾ ਲਾਊਡ ਸਪੀਕਰ ਬੰਦ ਕਰਵਾ, ਜੇ ਤੂੰ ਹਿੰਦੂ ਐਂ!' ਉਹ ਆਪਣੀ ਸਮੱਸਿਆ ਵਿੱਚ ਐਨਾ ਉਲਝਿਆ ਹੋਇਆ ਸੀ ਕਿ ਉਸਨੂੰ ਕੋਈ ਪਤਾ ਨਹੀ ਸੀ ਕਿਹੜਾ ਲਾਊਡ ਸਪੀਕਰ ਕਿੱਥੇ ਵੱਜ ਰਿਹਾ ਸੀ, ਕਿਉਂ ਵੱਜ ਰਿਹਾ ਸੀ। ਇਹ ਕਿਉਂ ਬੰਦ ਕਰਵਾਉਣਾ ਚਾਹੁੰਦੇ ਸਨ। ਉਸਦੇ ਘਰ ਸ਼ਾਇਦ ਕੋਈ ਬਿਮਾਰ ਸੀ। ਉਸਨੇ ਦਵਾਈ ਲੈ ਕੇ ਜਾਣਾ ਹੋਵੇਗਾ।

72/ਜ਼ਖ਼ਮ