ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਖ਼ਜ਼ਾਨਾ

ਮੈਂ ਕਪੜੇ ਬਦਲਦਾ ਬਦਲਦਾ ਉਸਦੇ ਪੈਸੇ ਛੁਪਾ ਲੈਣ ਬਾਰੇ ਸੋਚਦਾ ਰਿਹਾ । ਮੈਂ ਅਕਸਰ ਸੋਚਦਾ ਕਿ ਇਹ ਐਵੇਂ ਮਹਿੰਗਾਈ ਦਾ ਢੰਡੋਰਾ ਪਿੱਟ ਪਿਟ ਕੇ ਮੈਨੂੰ ਹਨੇਰੇ ਵਿੱਚ ਰੱਖਦੀ ਹੋਏਗੀ । ਨਹੀਂ ਤਾਂ ਪੰਜ ਜਣਿਆਂ ਦਾ ਖਰਚ ਐਨਾ ਨਹੀਂ ਹੋ ਸਕਦਾ । ਮੈਂ ਕਚੀਚੀ ਵੱਟਦਿਆਂ ਸੋਚਿਆ ਕਿ ਹੁਣ ਖੁਦ ਸਾਰਾ ਖਰਚ ਕਰਕੇ ਵੇਖਾਂਗਾ । ਹੁੰਦੀ ਬਚਤ ਦਾ ਪਤਾ ਕਰਕੇ, ਉਸਦੀ ਛਪਾਈ ਗੋਲਕ ਵਿਚਲੇ ਪੈਸੇ ਪੈਸੇ ਦਾ ਹਿਸਾਬ ਲਾ ਲਵਾਂਗਾ | ਪਰ ਕਚੀਚੀ ਵੱਟਦੇ ਦੀ ਮੇਰੀ ਜੀਭ ਕੱਟੀ ਗਈ ।
ਅਸੀਂ ਦੋਵੇਂ ਇੱਕ ਦੂਜੇ ਨੂੰ ਸ਼ੱਕ ਦੀ ਨਿਗਾਹ ਨਾਲ ਚੋਰ ਸਮਝਦੇ ਹਾਂ । ਮੈਂ ਪੰਜ ਦਸ ਰੁਪਏ ਚੋਰੀ ਰੱਖ ਲਵਾਂ ਤਾਂ ਫੜਿਆ ਵੀ ਜਾਂਦਾ ਹਾਂ ਪਰ ਇਸਦੀ ਚੋਰੀ ਤਾਂ ਕਦੇ ਫੜੀ ਹੀ ਨਹੀਂ ਗਈ । ਕੋਈ ਥਹੁ ਪਤਾ ਹੀ ਨਹੀਂ ਲਗਦਾ ਕਿ ਉਹਨੇ ਆਪਣੇ ਚੋਰੀ ਦੇ ਪੈਸਿਆਂ ਦਾ ਗੱਲਾ ਕਿਹੜੇ ਖੁਹ 'ਚ ਰਖਿਆ ਹੋਇਐ । ਗਹਿਣਿਆਂ ਦਾ ਬਹਾਨਾ । ਗਹਿਣਿਆਂ ਵਾਲਾ ਡੱਬਾ ਅੱਜ ਖੋਹਲ ਕੇ ਵੇਖ ਈ ਲਈਏ ।
ਪਰ ਉਹ ਤਾਂ ਗਹਿਣਿਆਂ ਦੇ ਡੱਬੇ ਨੂੰ ਹੱਥ ਹੀ ਨਹੀਂ ਲਾਉਣ ਦਿੰਦੀ । ਮੈਂ ਉਸਨੂੰ ਐਵੇਂ ਝਿੜਕਦਾ ਰਹਿੰਦਾ ਹਾਂ । ਉੱਚੀ ਬੋਲਦਿਆਂ ਮੁਹੱਲੇ ਵਾਲਿਆਂ ਨੂੰ ਤਮਾਸ਼ਾ ਦਿਖਾਉਂਦਾ ਰਹਿੰਦਾ ਹਾਂ । ਹਰ ਸਮੇਂ ਗੱਲ ਗੱਲ ਤੇ ਗਾਲ੍ਹਾਂ । ਪਰ ਇਹ ਹੈ ਕਿ ਬੋਲਦੀ ਹੀ ਨਹੀਂ । ਚੁੱਪ ਚਾਪ ਗਾਲ੍ਹਾਂ ਸੁਣਦੀ ਰਹਿੰਦੀ ਹੈ । ਮੈਂ ਹੈਰਾਨ ਹੁੰਦਾ ਰਹਿੰਦਾ ਹਾਂ ਕਿ ਆਖਰ ਇਹ ਵਿਰੋਧ 'ਚ ਬੋਲਦੀ ਕਿਉਂ ਨਹੀਂ । ਸ਼ਾਇਦ ਇਹ ਡਰਦੀ ਹੋਵੇ ਕਿ ਜੇ ਬੋਲੀ ਤਾਂ ਕਿਧਰੇ ਗੁੱਸੇ 'ਚ ਸੱਚੀ ਗੱਲ ਈ ਨਾ ਬਕ ਜਾਏ । ਮੈਂ ਇਸਨੂੰ ਅੱਡ ਹੋ ਜਾਣ ਦੀ ਧਮਕੀ ਵੀ ਦੇ ਦਿੰਦਾ ਹਾਂ । ਪਰ ਇਹ ਬੱਸ ਇੰਨਾਂ ਕੁ ਹੀ ਕਿਹਾ ਕਰਦੀ ਹੈ “ਮੈਂ ਭੁੱਖੀ ਨੀਂ ਮਰ ਸਕਦੀ ।" ਮੇਰੇ ਦਿਲ 'ਚ ਆਉਂਦਾ ਕਿ ਇਸਨੂੰ ਆਪਣੇ ਪਟਵਾਰੀ ਪਿਉ ਤੇ ਮਾਣ ਹੈ । ਪਰ ਪਟਵਾਰੀ ਤਾਂ ਸਕੇ ।
ਪਿਉ ਦੇ ਨਹੀਂ ਬਣਦੇ। ਇਹ ਤਾਂ ਫੇਰ ਵੀ ਪਰਾਇਆ ਧੰਨ ਹੈ । ਜਿਸਨੂੰ ਮਸਾਂ ਹੀ ਉਸਨੇ ਆਪਣੇ ਮੋਢਿਆਂ ਤੋਂ ਲਾਹ ਕੇ ਮੇਰੀ ਦਹਿਲੀਜ਼ ਤੋਂ ਪਾਰ ਲੰਘਾਇਆ ਹੈ। ਹੁਣ ਸਾਫ ਜ਼ਾਹਰ ਹੋ ਗਿਐ ਕਿ ਇਸਨੂੰ ਲੁਕਾਏ ਖਜ਼ਾਨੇ ਤੇ ਹੀ ਮਾਣ ਹੈ।
ਪਿਉ ਕੋਲ ਤਾਂ ਜਾਣ ਨੂੰ ਇਸਦਾ ਕਦੇ ਵੀ ਚਿੱਤ ਨਹੀਂ ਕੀਤਾ । ਉਸ ਕੰਜੂਸ ਨੇ ਇਸ ਨੂੰ ਸਿਧੇ ਮੂੰਹ ਨਾਲ ਕਦੇ ਬੁਲਾਇਆ ਵੀ ਤਾਂ ਨਹੀਂ । ਮੈਨੂੰ ਇਉਂ ਵੀ ਮਹਿਸੂਸ ਹੁੰਦਾ ਕਿ ਸ਼ਾਇਦ ਇਉਂ ਵੀ ਸੋਚਦੀ ਹੋਵੇ ਕਿ ਜੇ ਉਹ ਪਿਉ ਨੂੰ ਮਿਲਣ ਚਲੀ ਗਈ ਤਾਂ ਪਿਛੋਂ ਕਿਤੇ ਘਰ ਈ ਨਾ ਉਜਾੜ ਲਏ । ਕੇਰਾਂ ਮੈਂ ਇਸ ਨੂੰ ਪੇਕੀਂ ਜਾਣ ਲਈ ਆਪ ਕਹ ਬੈਠਾ ਤਾਂ ਇਹ ਕਹਿੰਦੀ, “ਕਿਉਂ ਕਿਸੇ ਹੋਰ ਨਾਲ ਪੇਚਾ ਲੜ ਗਿਐ ?"